ਪੰਜਾਬ ਤੇ ਹਰਿਆਣਾ ’ਚ ਮੀਂਹ ਨਾਲ ਗਰਮੀ ਤੇ ਹੁੰਮਸ ਤੋਂ ਰਾਹਤ
ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 31 ਮਈ
ਪੰਜਾਬ ਤੇ ਹਰਿਆਣਾ ਵਿੱਚ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੇ ਹੁੰਮਸ ਮਗਰੋਂ ਅੱਜ ਬਾਅਦ ਦੁਪਹਿਰ ਆਏ ਮੀਂਹ ਨੇ ਲੋਕਾਂ ਨੂੰ ਰਾਹਤ ਦਿਵਾ ਦਿੱਤੀ ਹੈ ਹਾਲਾਂਕਿ ਇਸੇ ਦੌਰਾਨ ਆਏ ਝੱਖੜ ਕਾਰਨ ਆਮ ਜਨਜੀਵਨ ਪ੍ਰਭਾਵਿਤ ਵੀ ਹੋਇਆ। ਝੱਖੜ ਕਾਰਨ ਕਈ ਥਾਵਾਂ ’ਤੇ ਸੜਕਾਂ ਕੰਢੇ ਦਰੱਖਤ ਡਿੱਗ ਗਏ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ।
ਮੌਸਮ ਵਿਭਾਗ ਨੇ ਪੰਜਾਬ ਵਿੱਚ 1, 2 ਤੇ 3 ਜੂਨ ਨੂੰ ਮੌਸਮ ਖਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਪੰਜਾਬ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਕਈ ਥਾਵਾਂ ’ਤੇ ਹਲਕਾ ਤੇ ਦਰਮਿਆਨਾ ਮੀਂਹ ਵੀ ਪੈ ਸਕਦਾ ਹੈ। ਪੰਜਾਬ ’ਚ ਸਵੇਰ ਤੋਂ ਹੀ ਗਰਮੀ ਦਾ ਕਹਿਰ ਜਾਰੀ ਸੀ, ਜਿਸ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਸੀ। ਬਾਅਦ ਦੁਪਹਿਰ ਮੋਗਾ ਖੇਤਰ ਵਿੱਚ ਅਚਾਨਕ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ, ਜਿਸ ਮਗਰੋਂ ਫਿਰੋਜ਼ਪੁਰ, ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ ਤੇ ਮਲੇਰਕੋਟਲਾ ਵਿੱਚ ਬੱਦਲਵਾਈ ਹੋਈ ਅਤੇ ਤੇਜ਼ ਹਨੇਰੀ ਚੱਲੀ। ਹਨੇਰੀ ਮਗਰੋਂ ਕਿਤੇ ਤੇਜ਼ ਅਤੇ ਕਿਤੇ ਹਲਕਾ ਮੀਂਹ ਪਿਆ ਹੈ। ਮੀਂਹ ਕਰਕੇ ਖੇਤਾਂ ਵਿੱਚ ਵੀ ਪਾਣੀ ਖੜ੍ਹਾ ਹੋ ਗਿਆ, ਜਿਸ ਨਾਲ 1 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਕਰਨ ਵਾਲੇ ਕਿਸਾਨਾਂ ਦੇ ਚਿਹੜੇ ਖਿੜ ਗਏ। ਬਿਜਲੀ ਮਹਿਕਮੇ ਨੇ ਵੀ ਸੁੱਖ ਦਾ ਸਾਹ ਲਿਆ ਹੈ। ਅੱਜ ਦੁਪਹਿਰ ਸਮੇਂ ਪੰਜਾਬ ਵਿੱਚ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਦੇ ਕਰੀਬ ਦਰਜ ਕੀਤੀ ਗਈ ਹੈ, ਪਰ ਮੌਸਮ ਦਾ ਮਿਜ਼ਾਜ ਬਦਲਣ ਦੇ ਨਾਲ ਹੀ ਇਹ ਮੰਗ ਘੱਟ ਕੇ 7 ਤੋਂ 8 ਹਜ਼ਾਰ ਮੈਗਾਵਾਟ ਹੀ ਰਹਿ ਗਈ। ਅੱਜ ਪੰਜਾਬ ਵਿੱਚ ਸਭ ਤੋਂ ਵੱਧ 29.6 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ 12.2 ਐੱਮਐੱਮ, ਹੁਸ਼ਿਆਰਪੁਰ ਵਿੱਚ 3 ਐੱਮਐੱਮ ਮੀਂਹ ਦਰਜ ਕੀਤਾ ਹੈ।
ਬਠਿੰਡਾ ਏਅਰਪੋਰਟ ਸਭ ਤੋਂ ਵੱਧ ਗਰਮ ਰਿਹਾ
ਪੰਜਾਬ ਵਿੱਚ ਅੱਜ ਬਠਿੰਡਾ ਏਅਰਪੋਰਟ ਦਾ ਇਲਾਕਾ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 44.1 ਡਿਗਰੀ ਦਰਜ ਕੀਤਾ ਹੈ। ਇਸੇ ਦੌਰਾਨ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 37.6 ਡਿਗਰੀ, ਪਟਿਆਲਾ ਵਿੱਚ 40.5, ਲੁਧਿਆਣਾ ਵਿੱਚ 39.4, ਪਠਾਨਕੋਟ ਵਿੱਚ 36.3, ਬਠਿੰਡਾ ਸ਼ਹਿਰ ਵਿੱਚ 41, ਫਰੀਦਕੋਟ ਵਿੱਚ 41.5, ਗੁਰਦਾਸਪੁਰ ਵਿੱਚ 38, ਨਵਾਂ ਸ਼ਹਿਰ ’ਚ 37.8, ਫਿਰੋਜ਼ਪੁਰ ਵਿੱਚ 38.8, ਹੁਸ਼ਿਆਰਪੁਰ ਵਿੱਚ 38.2, ਜਲੰਧਰ ਵਿੱਚ 38.6, ਮੋਗਾ ਵਿੱਚ 38.7, ਮੁਹਾਲੀ ਵਿੱਚ 38.5, ਰੋਪੜ ਵਿੱਚ 38.8 ਡਿਗਰੀ ਤੇ ਸੰਗਰੂਰ ਵਿੱਚ 41.2 ਡਿਗਰੀ ਦਰਜ ਕੀਤਾ ਗਿਆ ਹੈ।
ਜੰਮੂ-ਕਸ਼ਮੀਰ ਦੇ ਉੱਚੇ ਇਲਾਕਿਆਂ ’ਚ ਤਾਜ਼ਾ ਬਰਫ਼ਬਾਰੀ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁੱਝ ਉੱਚੇ ਇਲਾਕਿਆਂ ਵਿੱਚ ਅੱਜ ਤਾਜ਼ਾ ਬਰਫ਼ਬਾਰੀ ਹੋਈ, ਜਦਕਿ ਮੈਦਾਨੀ ਇਲਾਕਿਆਂ ਵਿੱਚ ਮੀਂਹ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਗੁਰੇਜ਼ ਵਾਦੀ ਦੇ ਤੁਲੈਲ ਅਤੇ ਰਾਜ਼ਦਾਨ ਟੌਪ ਖੇਤਰਾਂ, ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿੱਚ ਪੀਰ ਕੀ ਗਲੀ, ਸ੍ਰੀਨਗਰ-ਲੇਹ ਹਾਈਵੇਅ ਦੇ ਨਾਲ ਜ਼ੋਜਿਲਾ ਪਾਸ ਅਤੇ ਕੁੱਝ ਹੋਰ ਉੱਚੇ ਇਲਾਕਿਆਂ ਵਿੱਚ ਬਰਫ਼ ਪਈ। ਉਨ੍ਹਾਂ ਦੱਸਿਆ ਕਿ ਬਰਫ਼ਬਾਰੀ ਦੇ ਮੱਦੇਨਜ਼ਰ ਸਾਵਧਾਨੀ ਵਜੋਂ ਬਾਂਦੀਪੋਰਾ-ਗੁਰੇਜ਼ ਸੜਕ ਬੰਦ ਕਰ ਦਿੱਤੀ ਗਈ ਹੈ। -ਪੀਟੀਆਈ