ਮੁਤਾਕੀ ਨੇ ਅਫ਼ਗਾਨਿਸਤਾਨ ’ਤੇ ਭਾਰਤੀ ਮਿਜ਼ਾਇਲ ਦਾਗ਼ਣ ਦੇ ਦੋਸ਼ਾਂ ਨੂੰ ਨਕਾਰਿਆ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਫੋਨ ’ਤੇ ਹੋਈ ਗੱਲਬਾਤ ਦੌਰਾਨ ਕਾਰਜਕਾਰੀ ਅਫ਼ਗਾਨ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁਤਾਕੀ ਨੇ ਭਾਰਤ ਵੱਲੋਂ ਅਫ਼ਗਾਨਿਸਤਾਨ ’ਤੇ ਮਿਜ਼ਾਇਲ ਹਮਲਿਆਂ ਦੇ ਪਾਕਿਸਤਾਨ ਦੇ ਦੋਸ਼ਾਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜੈਸ਼ੰਕਰ ਅਤੇ ਮੁਤਾਕੀ ਵਿਚਕਾਰ ਵੀਰਵਾਰ ਨੂੰ ਫੋਨ ਕਾਲ ਨਵੀਂ ਦਿੱਲੀ ਅਤੇ ਕਾਬੁਲ ਦਰਮਿਆਨ ਅਗਸਤ, 2021 ਵਿੱਚ ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਮਗਰੋਂ ਸਭ ਤੋਂ ਉੱਚ ਪੱਧਰੀ ਸੰਪਰਕ ਸੀ।
ਸੂਤਰਾਂ ਨੇ ਕਿਹਾ ਕਿ ਅਗਲੇ ਹਫ਼ਤੇ ਇਰਾਨ ਅਤੇ ਚੀਨ ਦੀ ਨਿਰਧਾਰਤ ਯਾਤਰਾ ਤੋਂ ਠੀਕ ਪਹਿਲਾਂ ਮੁਤਾਕੀ ਦਾ ਜੈਸ਼ੰਕਰ ਨਾਲ ਸੰਪਰਕ ਕਰਨਾ ਬਹੁਤ ਮਹੱਤਵ ਰੱਖਦਾ ਹੈ।
ਸੂਤਰਾਂ ਨੇ ਦੱਸਿਆ ਕਿ ਦੋਵੇਂ ਧਿਰਾਂ ਦੁਵੱਲੇ ਵਪਾਰ ਨੂੰ ਵਧਾਉਣ ’ਤੇ ਵਿਚਾਰ ਕਰ ਰਹੀਆਂ ਹਨ, ਜੋ ਕਿ ਇਸ ਸਮੇਂ ਲਗਭਗ ਇੱਕ ਅਰਬ ਅਮਰੀਕੀ ਡਾਲਰ ਹੈ।
ਫੋਨ ਕਾਲ ਦੌਰਾਨ ਜੈਸ਼ੰਕਰ ਨੇ ਮੁਤਾਕੀ ਦੇ ‘ਝੂਠੀਆਂ ਅਤੇ ਬੇਬੁਨਿਆਦ ਰਿਪੋਰਟਾਂ ਰਾਹੀਂ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਅਵਿਸ਼ਵਾਸ ਪੈਦਾ ਕਰਨ ਦੀਆਂ ਹਾਲੀਆ ਕੋਸ਼ਿਸ਼ਾਂ ਨੂੰ ਸਖ਼ਤੀ ਨਾਲ ਰੱਦ ਕਰਨ’ ਦਾ ਸਵਾਗਤ ਕੀਤਾ।
ਇਹ ਪਾਕਿਸਤਾਨੀ ਮੀਡੀਆ ਦੀ ਇੱਕ ਰਿਪੋਰਟ ਦਾ ਸਪੱਸ਼ਟ ਹਵਾਲਾ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਨੇ ਪਹਿਲਗਾਮ ਵਿੱਚ ‘false flag’ ਕਾਰਵਾਈ ਕਰਨ ਲਈ ਤਾਲਿਬਾਨ ਨੂੰ ‘ਭਾੜੇ ’ਤੇ’ ਰੱਖਿਆ ਸੀ।
ਸੂਤਰਾਂ ਨੇ ਕਿਹਾ ਕਿ ਫ਼ੋਨ ਗੱਲਬਾਤ ਦੌਰਾਨ ਤਾਲਿਬਾਨ ਪੱਖ ਨੇ ਪਹਿਲਗਾਮ ਹਮਲੇ ਦੀ ਆਪਣੀ ਸਖ਼ਤ ਨਿੰਦਾ ਦੁਹਰਾਈ ਅਤੇ ਅਫਗਾਨਿਸਤਾਨ ਦੀ ਧਰਤੀ ’ਤੇ ਭਾਰਤ ਦੁਆਰਾ ਮਿਜ਼ਾਈਲ ਹਮਲਿਆਂ ਦੇ ਪਾਕਿਸਤਾਨ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ।
ਪਿਛਲੇ ਹਫ਼ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪਾਕਿਸਤਾਨ ਦੇ ਦੋਸ਼ਾਂ ਨੂੰ ‘ਝੂਠਾ’ ਦੱਸਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤੀ ਮਿਜ਼ਾਈਲਾਂ ਨੇ ਅਫਗਾਨਿਸਤਾਨ ਨੂੰ ਨਿਸ਼ਾਨਾ ਬਣਾਇਆ ਹੈ।
ਉਨ੍ਹਾਂ ਕਿਹਾ ਸੀ, ‘‘ਇਹ ਫਿਰ ਤੋਂ ਪੂਰੀ ਤਰ੍ਹਾਂ ਹਾਸੋਹੀਣਾ ਦਾਅਵਾ ਹੈ ਕਿ ਭਾਰਤੀ ਮਿਜ਼ਾਈਲਾਂ ਨੇ ਅਫਗਾਨਿਸਤਾਨ ਨੂੰ ਨਿਸ਼ਾਨਾ ਬਣਾਇਆ ਹੈ। ਇਹ ਦੋਸ਼ ਪੂਰੀ ਤਰ੍ਹਾਂ ਬੇਤੁੱਕਾ ਹੈ।’’
ਸੂਤਰਾਂ ਨੇ ਦੱਸਿਆ ਕਿ ਜੈਸ਼ੰਕਰ ਅਤੇ ਮੁਤਾਕੀ ਦੋਵੇਂ ਸੰਪਰਕ ਵਿੱਚ ਰਹਿਣ ਲਈ ਸਹਿਮਤ ਹੋਏ।
ਉਨ੍ਹਾਂ ਕਿਹਾ, ‘‘ਅਸੀਂ ਸਾਰੇ ਪੱਧਰਾਂ 'ਤੇ ਨਿਯਮਤ ਸੰਪਰਕ ਵਿੱਚ ਰਹੇ ਹਾਂ।’’
ਇਹ ਫ਼ੋਨ ਗੱਲਬਾਤ ਭਾਰਤ ਦੇ ਅਫਗਾਨਿਸਤਾਨ ਦੇ ਮੁੱਖ ਬੁਲਾਰੇ ਆਨੰਦ ਪ੍ਰਕਾਸ਼ ਵੱਲੋਂ ਕਾਬੁਲ ਵਿੱਚ ਮੁਤਾਕੀ ਨਾਲ ਗੱਲਬਾਤ ਕਰਨ ਤੋਂ ਤਿੰਨ ਹਫ਼ਤੇ ਬਾਅਦ ਹੋਈ ਹੈ।
ਮੀਟਿੰਗ ਵਿੱਚ ਕਾਰਜਕਾਰੀ ਵਿਦੇਸ਼ ਮੰਤਰੀ ਨੇ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਭਾਰਤੀ ਨਿਵੇਸ਼ਕਾਂ ਨੂੰ ਅਫਗਾਨਿਸਤਾਨ ਵਿੱਚ ਨਿਵੇਸ਼ ਕਰਨ ਦੇ ਮੌਕਿਆਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ।
ਸੂਤਰਾਂ ਨੇ ਦੱਸਿਆ ਕਿ ਨਵੀਂ ਦਿੱਲੀ ਅਫਗਾਨ ਲੋਕਾਂ ਲਈ ਕੁਝ ਵਿਕਾਸ ਪ੍ਰਾਜੈਕਟਾਂ ’ਤੇ ਵੀ ਵਿਚਾਰ ਕਰ ਰਹੀ ਹੈ। ਇੱਕ ਸੂਤਰ ਨੇ ਕਿਹਾ, ‘‘ਅਸੀਂ ਪਾਕਿਸਤਾਨ ਵੱਲੋਂ ਕੱਢੇ ਗਏ ਅਫਗਾਨ ਸ਼ਰਨਾਰਥੀਆਂ ਲਈ ਮਨੁੱਖਤਾਵਾਦੀ ਮਦਦ ’ਤੇ ਵੀ ਵਿਚਾਰ ਕਰ ਰਹੇ ਹਾਂ।’’
ਸਾਲ 2021 ਤੋਂ ਭਾਰਤ ਨੇ ਅਫਗਾਨਿਸਤਾਨ ਨੂੰ 50,000 ਟਨ ਕਣਕ, 350 ਟਨ ਦਵਾਈਆਂ, 40,000 ਲਿਟਰ ਮੈਲਾਥੀਅਨ ਕੀਟਨਾਸ਼ਕ ਅਤੇ 28 ਟਨ ਭੂਚਾਲ ਰਾਹਤ ਸਮੱਗਰੀ ਭੇਜੀ ਹੈ।
ਭਾਰਤ ਨੇ ਅਫਗਾਨ ਵਿਦਿਆਰਥੀਆਂ ਲਈ 2,000 ਆਨਲਾਈਨ ਸਕਾਲਰਸ਼ਿਪ ਵੀ ਮੁਹੱਈਆ ਕਰਵਾਈ ਹੈ।
ਭਾਰਤ ਨੇ ਅਜੇ ਤੱਕ ਤਾਲਿਬਾਨ ਨੂੰ ਮਾਨਤਾ ਨਹੀਂ ਦਿੱਤੀ ਹੈ ਅਤੇ ਕਾਬੁਲ ਵਿੱਚ ਸੱਚਮੁੱਚ ਸਮਾਵੇਸ਼ੀ ਸਰਕਾਰ ਦੇ ਗਠਨ ਲਈ ਜ਼ੋਰ ਦੇ ਰਿਹਾ ਹੈ।
ਨਵੀਂ ਦਿੱਲੀ ਇਸ ਗੱਲ ’ਤੇ ਜ਼ੋਰ ਦੇ ਰਹੀ ਹੈ ਕਿ ਅਫਗਾਨਿਸਤਾਨ ਦੀ ਧਰਤੀ ਨੂੰ ਕਿਸੇ ਵੀ ਦੇਸ਼ ਖ਼ਿਲਾਫ਼ ਕਿਸੇ ਵੀ ਅਤਿਵਾਦੀ ਗਤੀਵਿਧੀਆਂ ਲਈ ਨਹੀਂ ਵਰਤਿਆ ਜਾਣਾ ਚਾਹੀਦਾ। -ਪੀਟੀਆਈ