ਕੋਟ ਈਸੇ ਖਾਂ ’ਚ ਸਲੋਸ਼ਨ ਪੈਕਿੰਗ ਫੈਕਟਰੀ ’ਚ ਭਿਆਨਕ ਅੱਗ ਲੱਗੀ
ਧਰਮਕੋਟ/ਕੋਟ ਈਸੇ ਖਾਂ, 17 ਮਈ
ਇੱਥੋਂ ਦੇ ਅੰਮ੍ਰਿਤਸਰ ਰੋਡ ਨੇੜੇ ਇੱਕ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਸਥਾਪਤ ਕੈਮੀਕਲ (ਸਲੋਸ਼ਨ) ਪੈਕਿੰਗ ਕਰਨ ਵਾਲੀ ਫੈਕਟਰੀ ਨੂੰ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਇਹ ਫੈਕਟਰੀ ਕਈ ਸਾਲਾਂ ਤੋਂ ਸੰਘਣੀ ਆਬਾਦ ਵਿੱਚ ਇਕ ਕਿਰਾਏ ਦੇ ਮਕਾਨ ’ਚ ਚਲਾਈ ਜਾ ਰਹੀ ਸੀ।
ਜਾਣਕਾਰੀ ਮੁਤਾਬਕ ਸ਼ਾਮ ਛੇ ਵਜੇ ਦੇ ਕਰੀਬ ਫੈਕਟਰੀ ਵਿੱਚੋਂ ਅੱਗ ਦੀਆਂ ਲਪਟਾ ਨਿਕਲਣ ਲੱਗੀਆਂ, ਜਿਸ ਮਗਰੋਂ ਪੂਰੇ ਮੁਹੱਲੇ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਪੈਦਾ ਹੋ ਗਿਆ।
ਲੋਕਾਂ ਨੇ ਇਸ ਦੀ ਸੂਚਨਾ ਸਥਾਨਕ ਪੁਲੀਸ ਅਤੇ ਧਰਮਕੋਟ ਸਥਿਤ ਫਾਇਰ ਸਟੇਸ਼ਨ ਨੂੰ ਦਿੱਤੀ। ਅੱਗ ਬੁਝਾਊ ਦਸਤੇ ਦੀਆਂ ਦੋ ਗੱਡੀਆਂ ਕੁਝ ਹੀ ਸਮੇਂ ਬਾਅਦ ਘਟਨਾ ਸਥਾਨ ਉੱਤੇ ਪੁੱਜ ਗਈਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਢੋਸ ਆਪਣੇ ਸਾਥੀਆਂ ਸਣੇ ਮੌਕੇ ’ਤੇ ਗਏ ਅਤੇ ਉਨ੍ਹਾਂ ਅੱਗ ਬੁਝਾਊ ਕਾਰਵਾਈ ਦੀ ਖ਼ੁਦ ਅਗਵਾਈ ਕੀਤੀ।
ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਫੌਰੀ ਤੌਰ ’ਤੇ ਕੁੱਝ ਪਤਾ ਨਹੀਂ ਚੱਲ ਸਕਿਆ ਪਰ ਇਸ ਭਿਅਨਕ ਅੱਗ ਕਾਰਨ ਨੇੜੇ ਖੜ੍ਹੀਆਂ ਦੋ ਕਾਰਾਂ, ਇਕ ਐਕਟਿਵਾ ਸਕੂਟਰੀ ਸੜ ਕੇ ਸੁਆਹ ਹੋ ਗਈਆਂ। ਅੱਗ ਕਾਰਨ ਨੇੜਲੇ ਘਰਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ।
ਇਕ ਘਰ ਦੇ ਇਕ ਕਮਰੇ ਦਾ ਸਾਰਾ ਫਰਨੀਚਰ ਅਤੇ ਹੋਰ ਘਰੇਲੂ ਸਾਮਾਨ ਪੂਰੀ ਤਰ੍ਹਾਂ ਸੜ ਗਿਆ।
ਸੂਚਨਾ ਮੁਤਾਬਕ ਘਰ ਵਿੱਚ ਚਲਾਈ ਜਾ ਰਹੀ ਇਸ ਕੈਮੀਕਲ ਫੈਕਟਰੀ ਵਿੱਚ ਡਰੰਮਾਂ ਵਿੱਚ ਭਰ ਕੇ ਰੱਖੇ ਸਲੋਸ਼ਨ ਨੂੰ ਪਹਿਲਾਂ ਅੱਗ ਲੱਗੀ ਅਤੇ ਦੇਖਦਿਆਂ ਹੀ ਦੇਖਦਿਆਂ ਅੱਗ ਪੂਰੀ ਤਰ੍ਹਾਂ ਭੜਕ ਉੱਠੀ। ਜਾਣਕਾਰੀ ਮਿਲੀ ਹੈ ਕਿ ਅਮਰੀਕ ਸਿੰਘ ਨਾਮੀ ਵਿਅਕਤੀ ਇਸ ਇਮਾਰਤ ਦਾ ਮਾਲਕ ਹੈ ਅਤੇ ਬਲਰਾਜ ਧੀਰ ਉਰਫ਼ ਮੋਤੀ ਧੀਰ ਨੇ ਇਸ ਨੂੰ ਕਿਰਾਏ ’ਤੇ ਲਿਆ ਹੋਇਆ ਸੀ। ਇਸ ਫੈਕਟਰੀ ਦਾ ਮਾਲਕ ਅੱਜ-ਕੱਲ੍ਹ ਲੁਧਿਆਣਾ ਰਹਿ ਕੇ ਆਪਣਾ ਇਹ ਕਾਰੋਬਾਰ ਚਲਾ ਰਿਹਾ ਹੈ।