ਸ਼ਿਵ ਸੈਨਾ ਆਗੂ ਖ਼ਿਲਾਫ਼ ਪੁਲੀਸ ਅਧਿਕਾਰੀ ਨਾਲ ਦੁਰਵਿਹਾਰ ਕਰਨ ਦੇ ਦੋਸ਼ ਹੇਠ ਕੇਸ ਦਰਜ
ਗੁਰਦਾਸਪੁਰ, 21 ਮਈ
ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਹਰਵਿੰਦਰ ਸੋਨੀ ਖ਼ਿਲਾਫ਼ ਥਾਣਾ ਸਿਟੀ ਗੁਰਦਾਸਪੁਰ ਵਿੱਚ ਪੁਲੀਸ ਅਧਿਕਾਰੀ ਨਾਲ ਦੁਰਵਿਵਹਾਰ ਕਰਨ ਅਤੇ ਉਨ੍ਹਾਂ ਦੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਮੁਲਜ਼ਮ ਖ਼ਿਲਾਫ਼ ਦੋਸ਼ ਲੱਗੇ ਹਨ ਕਿ ਥਾਣਾ ਸਿਟੀ ਗੁਰਦਾਸਪੁਰ ਦੇ ਮੁਖੀ ਦਵਿੰਦਰ ਪ੍ਰਕਾਸ਼ ਹਰਵਿੰਦਰ ਸੋਨੀ ਦੇ ਘਰ ਸਿਕਿਉਰਟੀ ਚੈਕਿੰਗ ਲਈ ਗਏ ਤਾਂ ਸੋਨੀ ਨੇ ਪੁਲੀਸ ਅਧਿਕਾਰੀ ਨਾਲ ਦੁਰਵਿਵਹਾਰ ਕੀਤਾ ਤੇ ਉਨ੍ਹਾਂ ਦੀ ਡਿਊਟੀ ਵਿੱਚ ਵਿਘਨ ਪਾਇਆ, ਜਿਸ ਤੋਂ ਬਾਅਦ ਹਰਵਿੰਦਰ ਸੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਦੱਸਣਯੋਗ ਹੈ ਕਿ ਇਸ ਤੋਂ ਸਬੰਧੀ ਸੋਨੀ ਦੇ ਸਮਰਥਕਾਂ ਵੱਲੋਂ ਥਾਣਾ ਸਿਟੀ ਗੁਰਦਾਸਪੁਰ ਅੱਗੇ ਧਰਨਾ ਵੀ ਲਗਾਇਆ ਗਿਆ ਪਰ ਹਰਵਿੰਦਰ ਸੋਨੀ ਵੱਲੋਂ ਆਪਣੇ ਸਮਰਥਕਾਂ ਨੂੰ ਧਰਨਾ ਚੁੱਕਣ ਬਾਰੇ ਕਹਿਣ ਦੇ ਕੁਝ ਦੇਰ ਬਾਅਦ ਹੀ ਇਹ ਧਰਨਾ ਖਤਮ ਕਰ ਦਿੱਤਾ ਗਿਆ।
ਸੋਨੀ ਦਾ ਮੈਡੀਕਲ ਕਰਾਉਣ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ, ਜਿੱਥੇ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ।