ਅਰੁਣਾਚਲ ਪ੍ਰਦੇਸ਼: ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਨੌਂ ਮੌਤਾਂ
ਅਰੁਣਾਚਲ ਪ੍ਰਦੇਸ਼ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਕਈ ਜ਼ਿਲ੍ਹਿਆਂ ਵਿੱਚ ਅਚਾਨਕ ਆਏ ਹੜ੍ਹ ਅਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਿੱਚ ਨੌਂ ਜਣਿਆਂ ਦੀ ਮੌਤ ਹੋ ਗਈ।
ਪੁਲੀਸ ਨੇ ਦੱਸਿਆ ਕਿ ਪੂਰਬੀ ਕਾਮੇਂਗ ਜ਼ਿਲ੍ਹੇ ਵਿੱਚ ਕੌਮੀ ਰਾਜਮਾਰਗ 13 ਦੇ Bana-Seppa ਦਰਮਿਆਨ ਸ਼ੁੱਕਰਵਾਰ ਦੇਰ ਰਾਤ ਜ਼ਮੀਨ ਖਿਸਕਣ ਕਾਰਨ ਇੱਕ ਵਾਹਨ ਦੇ ਸੜਕ ਤੋਂ ਰੁੜ ਜਾਣ ਮਗਰੋਂ ਦੋ ਪਰਿਵਾਰਾਂ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਪੂਰਬੀ ਕਾਮੇਂਗ ਦੇ ਐੱਸਪੀ ਕਾਮਦਮ ਸਿਕੋਮ ਨੇ ਦੱਸਿਆ ਕਿ ਗੱਡੀ ਬਿਚੋਮ ਜ਼ਿਲ੍ਹੇ ਦੇ ਬਾਨਾ ਤੋਂ ਸੇਪਾ ਜਾ ਰਹੀ ਸੀ। ਇਸ ਦੌਰਾਨ ਭਾਰੀ ਮੀਂਹ ਕਾਰਨ ਢਿੱਗਾਂ ਦੀ ਲਪੇਟ ’ਚ ਆ ਕੇ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਸਾਰੇ ਮ੍ਰਿਤਕ ਕਿਚੰਗ ਪਿੰਡ ਦੇ ਵਾਸੀ ਸਨ।
ਬਚਾਅ ਕਾਰਜ ਤੁਰੰਤ ਸ਼ੁਰੂ ਹੋ ਗਏ ਸਨ ਪਰ ਤੇਜ਼ ਮੀਂਹ, ਜ਼ਮੀਨ ਖਿਸਕਣ ਕਾਰਨ ਅਤੇ ਰਾਤ ਭਰ ਦਿਖਾਈ ਦੇਣ ਦੀ ਸਮਰੱਥਾ ਬੇਹੱਦ ਖ਼ਰਾਬ ਹੋਣ ਕਾਰਨ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਪੁਲੀਸ ਅਤੇ ਬਚਾਅ ਦਲ ਨੇ ਕੋਸ਼ਿਸ਼ਾਂ ਜਾਰੀ ਰੱਖੀਆਂ।
ਐੱਸਪੀ ਨੇ ਦੱਸਿਆ ਕਿ ਕਈ ਘੰਟਿਆਂ ਦੀ ਖੋਰ ਮਗਰੋਂ ਮਲਬਾ ਰਾਜਮਾਰਗ ਤੋਂ ਲਗਭਗ 150 ਮੀਟਰ ਥੱਲੇ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਗੱਡੀ ਦੇ ਅੰਦਰ ਸਾਰੇ ਸੱਤ ਜਣੇ ਮ੍ਰਿਤਕ ਪਾਏ ਗਏ।
ਪੁਲੀਸ ਨੇ ਦੱਸਿਆ ਕਿ ਇੱਕ ਵੱਖਰੇ ਹਾਦਸੇ ਦੌਰਾਨ Lower Subansiri ਜ਼ਿਲ੍ਹੇ ਵਿੱਚ Ziro-Kamle ਮਾਰਗ ’ਤੇ ਪਾਈਨ ਗਰੂਵ ਖੇਤਰ ਨੇੜੇ ਇੱਕ ਖੇਤ ਵਿੱਚ ਢਿੱਗਾਂ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਦੋ ਹੋਰਾਂ ਨੂੰ ਬਚਾ ਲਿਆ ਗਿਆ। ਜ਼ਿਲ੍ਹੇ ਵਿੱਚ 117 ਤੋਂ ਵੱਧ ਮਕਾਨ ਅਤੇ ਕਈ ਜ਼ਰੂਰੀ ਢਾਂਚੇ ਖ਼ਰਾਬ ਮੌਸਮ ਕਾਰਨ ਪ੍ਰਭਾਵਿਤ ਹੋਏ ਹਨ। -ਪੀਟੀਆਈ