ਐੱਸ. ਸੀ. ਡੀ ਸਰਕਾਰੀ ਕਾਲਜ ’ਚ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ ਸ਼ੁਰੂ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਅੱਜ ਐਸ. ਸੀ. ਡੀ. ਸਰਕਾਰੀ ਕਾਲਜ, ਲੁਧਿਆਣਾ ਵਿਖੇ ਬਹੁਤ ਉਤਸ਼ਾਹ ਨਾਲ ਸ਼ੁਰੂ ਹੋਇਆ। 14 ਅਕਤੂਬਰ ਤੱਕ ਚੱਲਣ ਵਾਲੇ ਇਸ ਚਾਰ-ਰੋਜ਼ਾ ਸੱਭਿਆਚਾਰਕ ਸਮਾਗਮ ਵਿੱਚ 27 ਕਾਲਜਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਇਸ ਮੇਲੇ ਦਾ ਉਦਘਾਟਨ ਪੀਏਯੂ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਉਨ੍ਹਾਂ ਦੇ ਨਾਲ ਡਾਇਰੈਕਟਰ ਵਿਦਿਆਰਥੀ ਭਲਾਈ, ਪੀ.ਏ.ਯੂ. ਡਾ. ਨਿਰਮਲ ਜੌੜਾ ਅਤੇ ਡਾਇਰੈਕਟਰ ਯੁਵਕ ਭਲਾਈ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਡਾ. ਸੁਖਜਿੰਦਰ ਰਿਸ਼ੀ ਵੀ ਮੌਜੂਦ ਸਨ।
ਪਹਿਲੇ ਦਿਨ ਵਿਦਿਆਰਥੀਆਂ ਨੇ ਸ਼ਬਦ/ਭਜਨ, ਕਲਾਸੀਕਲ ਡਾਂਸ, ਗਰੁੱਪ ਡਾਂਸ (ਜਨਰਲ), ਫੋਕ ਆਰਕੈਸਟਰਾ, ਲੋਕ ਸਾਜ਼, ਲੋਕ ਗੀਤ, ਮੁਹਾਵਰੇਦਾਰ ਵਾਰਤਾਲਾਪ, ਭੰਡ, ਕਵਿਤਾ ਉਚਾਰਨ ਮੁਕਾਬਲੇ, ਵਿਰਾਸਤੀ ਕੁਇਜ਼, ਗੁੱਡੀਆਂ ਪਟੋਲੇ, ਪਰਾਂਦਾ ਬਨਾਉਣਾ, ਟੋਕਰੀ ਬਨਾਉਣਾ, ਛਿੱਕੂ ਬਨਾਉਣਾ, ਮਿੱਟੀ ਦੇ ਖਿਡੌਣੇ ਬਨਾਉਣਾ, ਖਿੱਦੋ ਬਨਾਉਣਾ, ਪੀੜ੍ਹੀ ਬਨਾਉਣਾ, ਰੱਸਾ ਵੱਟਣਾ ਅਤੇ ਈਨੂੰ ਬਨਾਉਣਾ ਆਦਿ ਮੁਕਾਬਲਿਆਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸ਼ਬਦ ਗਾਇਨ ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ, ਮਿੱਲਰ ਗੰਜ, ਗਰੁੱਪ ਭਜਨ ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ, ਕਵਿਤਾ ਪੜ੍ਹਨ ਵਿੱਚ ਏਐਸ ਕਾਲਜ ਖੰਨਾ, ਭੰਡ ਦੀ ਪੇਸ਼ਕਾਰੀ ਵਿੱਚ ਐਸਸੀਡੀ ਕਾਲਜ, ਲੁਧਿਆਣਾ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।
ਇਸ ਤੋਂ ਪਹਿਲਾਂ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਧਾਂਰਮਿਕ ਰਸਮਾਂ ਨਾਲ ਹੋਈ, ਜਿਸ ਤੋਂ ਬਾਅਦ ਐਸ.ਸੀ.ਡੀ. ਸਰਕਾਰੀ ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਗੁਰਸ਼ਰਨ ਜੀਤ ਸਿੰਘ ਸੰਧੂ ਨੇ ਸਾਰਿਆਂ ਦਾ ਨਿੱਘਾ ਸਵਾਗਤੀ ਭਾਸ਼ਣ ਦਿੱਤਾ। ਡਾ. ਗੋਸਲ ਨੇ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਆਤਮਵਿਸ਼ਵਾਸ ਅਤੇ ਸੱਭਿਆਚਾਰਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਯੁਵਕ ਮੇਲਿਆਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਮੁੱਖ ਸਟੇਜ ਦੀ ਕਾਰਵਾਈ ਪ੍ਰਬੰਧਕੀ ਕਮੇਟੀ ਸਕੱਤਰ ਪ੍ਰੋ. ਗੀਤਾਂਜਲੀ ਪਾਬਰੇਜਾ ਵੱਲੋਂ ਚਲਾਈ ਗਈ। ਇਸ ਸਮਾਗਮ ਵਿੱਚ ਸਾਲ 2024-25 ਲਈ ਸੋਵੀਨਾਰ ਅਤੇ ਕਾਲਜ ਮੈਗਜ਼ੀਨ, ਸਤਲੁਜ ਰਿਲੀਜ਼ ਕੀਤਾ ਗਿਆ, ਜੋ ਕਿ ਏਵਨ ਗਰੁੱਪ ਦੇ ਸਾਬਕਾ ਵਿਦਿਆਰਥੀ ਅਤੇ ਸੀ. ਐਮ. ਡੀ. ਪਦਮ ਸ਼੍ਰੀ ਓਂਕਾਰ ਸਿੰਘ ਪਾਹਵਾ ਨੂੰ ਸਮਰਪਿਤ ਸੀ, ਜਿਨ੍ਹਾਂ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਆਪਣੇ ਵਿਦਿਆਰਥੀ ਦਿਨਾਂ ਨੂੰ ਅਤੇ ਜੀਵਨ ਭਰ ਲਈ ਸਿੱਖੀਆਂ ਗਈਆਂ ਸਿੱਖਿਆਵਾਂ ਨੂੰ ਪਿਆਰ ਨਾਲ ਯਾਦ ਕੀਤਾ। ਭਾਗ ਲੈਣ ਵਾਲੇ ਕਾਲਜਾਂ ਦੇ ਸਾਰੇ ਪ੍ਰਿੰਸੀਪਲਾਂ ਨੂੰ ਰਸਮੀ ਤੌਰ ’ਤੇ ਸਨਮਾਨਿਤ ਕੀਤਾ ਗਿਆ।