ਨਸ਼ਾ ਤਸਕਰੀ ਦੀ ਸ਼ਿਕਾਇਤ ਤੋਂ ਭੜਕੇ ਨੌਜਵਾਨਾਂ ਵੱਲੋਂ ਹੰਗਾਮਾ
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਇਲਾਕਾ ਵਾਸੀ ਅਜੈ ਖੰਨਾ ਨੇ ਦੋਸ਼ ਲਾਇਆ ਕਿ ਬੀਤੀ ਰਾਤ ਕੁਝ ਨੌਜਵਾਨ ਬੀਅਰ ਦੀਆਂ ਬੋਤਲਾਂ ਵਿੱਚ ਪੈਟਰੋਲ ਭਰ ਰਹੇ ਸਨ ਅਤੇ ਇਨ੍ਹਾਂ ਤੋਂ ਬੰਬ ਬਣਾ ਕੇ ਉਨ੍ਹਾਂ ਨੇ ਇਲਾਕੇ ਵਿੱਚ ਸੁੱਟੇ। ਨੌਜਵਾਨਾਂ ਨੇ ਸ਼ਿਕਾਇਤ ਦੀ ਖੁੰਦਕ ਨੂੰ ਲੈ ਕੇ ਇਲਾਕੇ ਵਿੱਚ ਘਰਾਂ ਦੇ ਬਾਹਰ ਖੜ੍ਹੀਆਂ ਕਈ ਕਾਰਾਂ ਨੂੰ ਵੀ ਨੁਕਸਾਨ ਪਹੁੰਚਾਇਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਨੌਜਵਾਨ ਇਲਾਕੇ ਵਿੱਚ ਨਸ਼ੇ ਵੇਚਦੇ ਹਨ। ਇਲਾਕੇ ਦੇ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਨਸ਼ੇ ਵੇਚਣ ਤੋਂ ਰੋਕਿਆ ਤੇ ਸ਼ਿਕਾਇਤ ਕੀਤੀ ਸੀ ਜਿਸ ਕਾਰਨ ਇਨ੍ਹਾਂ ਨੌਜਵਾਨਾਂ ਨੇ ਇਲਾਕੇ ਵਿੱਚ ਹੰਗਾਮਾ ਕੀਤਾ। ਅਜੈ ਨੇ ਦੱਸਿਆ ਕਿ ਇਲਾਕੇ ’ਚ ਰਹਿੰਦੇ ਇੱਕ ਨੌਜਵਾਨ ਵਿਰੁੱਧ ਪਹਿਲਾਂ ਹੀ ਚਾਰ ਤੋਂ ਪੰਜ ਐੱਫਆਈਆਰ ਦਰਜ ਹਨ ਤੇ ਉਸਦਾ ਘਰ ਢਾਹ ਦੇਣ ਦੇ ਵੀ ਹੁਕਮ ਹਨ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਕੋਲ ਤਲਵਾਰਾਂ, ਪੈਟਰੋਲ ਬੰਬ ਤੇ ਪਿਸਤੌਲਾਂ ਸਨ। ਪੁਲੀਸ ਨੇ ਮੌਕੇ ਤੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਬੀਤੀ ਸ਼ਾਮ ਇੱਕ ਨੌਜਵਾਨ ਚੌਕ ਵਿੱਚ ਖੜ੍ਹਾ ਸੀ ਤੇ ਇਲਾਕੇ ਵਿੱਚ ਕੁਝ ਨੌਜਵਾਨ ਚਿੱਟਾ ਵੇਚ ਰਹੇ ਸਨ। ਜਦੋਂ ਉਸ ਨੇ ਨਸ਼ਾ ਵੇਚਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਲੋਕਾਂ ਨੇ ਸ਼ਿਕਾਇਤ ਕੀਤੀ ਤਾਂ ਉਸ ਤੋਂ ਬਾਅਦ ਦੇਰ ਰਾਤ ਇਹ ਹੰਗਾਮਾ ਹੋਇਆ।
ਲੋਕਾਂ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਜਾਰੀ: ਐੱਸਐੱਚਓ
ਮਾਡਲ ਟਾਊਨ ਥਾਣੇ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਨਸ਼ੀਲੇ ਪਦਾਰਥ ਵੇਚਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਨੌਜਵਾਨ ਸ਼ਰਾਬੀ ਹਾਲਤ ’ਚ ਸਨ ਅਤੇ ਟੱਕਰ ਤੋਂ ਬਾਅਦ ਉਨ੍ਹਾਂ ਦੀ ਲੜਾਈ ਹੋਈ। ਲੋਕਾਂ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।