ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦਾ ਸੱਦਾ
ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਮੌਕੇ ਨੌਜਵਾਨ ਭਾਰਤ ਸਭਾ ਦੇ ਸਹਿਯੋਗ ਨਾਲ ਪੁਸਤਕ ਪ੍ਰਦਰਸ਼ਨੀ ਅਤੇ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਫ਼ਿਲਮ ਸੋਅ ਕਰਵਾਇਆ ਗਿਆ ਤੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਨੌਜਵਾਨ ਭਾਰਤ ਸਭਾ ਪੱਖੋਵਾਲ ਇਕਾਈ ਦੇ ਜਨਰਲ ਸਕੱਤਰ ਰਿਸ਼ੀ ਅਤੇ ਸੂਰਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਨੌਜਵਾਨਾਂ ਦੇ ਨਾਇਕ ਬਦਲ ਰਹੇ ਹਨ, ਅੱਜ ਦੇ ਨਾਇਕ ਫ਼ਿਲਮੀ ਕਲਾਕਾਰ ਬਣਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅੱਜ ਬੌਧਿਕਤਾ ਦਾ ਸੰਕਟ ਵਧ ਰਿਹਾ ਹੈ ਅਤੇ ਮਨੁੱਖ ਦਿਨੋਂ-ਦਿਨ ਆਪਣੀ ਸੰਵੇਦਨਾ ਗੁਆ ਰਿਹਾ ਹੈ। ਮਨੁੱਖੀ ਸੰਵੇਦਨਾ ਹੀ ਮਨੁੱਖ ਨੂੰ ਸਮਾਜਕ ਬਣਾਉਂਦੀ ਹੈ।
ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਚਾਰੇ ਪਾਸੇ ਹਨੇਰੇ ਦਾ ਪਸਾਰ ਹੋ ਜਾਂਦਾ ਹੈ ਤਾਂ ਪੁਸਤਕਾਂ ਹੀ ਮਨੁੱਖ ਦਾ ਰਾਹ ਦਸੇਰਾ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਆਦਰਸ਼ ਭਗਤ ਸਿੰਘ ਹੋਣਾ ਚਾਹੀਦਾ ਹੈ ਅਤੇ ਸ਼ਹੀਦ ਭਗਤ ਸਿੰਘ ਕੇਵਲ ਇਕ ਨਾਮ ਨਹੀਂ ਹੈ ਸਗੋਂ ਵਿਚਾਰ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਸਾਹਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਹੋਰ ਦੇਸ਼ ਭਗਤ ਅੱਜ ਦੇ ਨੌਜਵਾਨਾਂ ਦੇ ਆਦਰਸ਼ ਹੋਣੇ ਚਾਹੀਦੇ ਹਨ। ਪ੍ਰੋਫੈਸਰ ਡਾ. ਕਮਲਜੀਤ ਸਿੰਘ ਸੋਹੀ ਨੇ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ। ਕਾਲਜ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਨੌਜਵਾਨ ਭਾਰਤ ਸਭਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾਕਟਰ ਗੁਰਪ੍ਰੀਤ ਸਿੰਘ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦਾ ਸੱਦਾ ਦਿੱਤਾ।