ਸੜਕ ਹਾਦਸੇ ’ਚ ਨੌਜਵਾਨ ਹਲਾਕ; ਸਾਥੀ ਜ਼ਖ਼ਮੀ
ਲੁਧਿਆਣਾ ਵਿੱਚ ਵਾਪਰੇ ਦੋ ਵੱਖ-ਵੱਖ ਹਾਦਸਿਆਂ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਨਾਬਾਲਗ ਸਣੇ ਇੱਕ ਹੋਰ ਜ਼ਖ਼ਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਜਮਾਲਪੁਰ ਦੇ ਇਲਾਕੇ ਪਿੰਡ ਖਾਸੀ ਕਲਾਂ ਦੇ ਸ਼ਰਾਬ ਠੇਕੇ ਤੋਂ ਥੋੜਾ ਅੱਗੇ ਇੱਕ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਕੇ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਪਿੱਛੇ ਬੈਠਾ ਉਸ ਦਾ ਦੋਸਤ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਚੰਡੀਗੜ੍ਹ ਭੇਜਿਆ ਗਿਆ ਹੈ। ਮਾਤਾ ਰਾਣੀ ਕਲੋਨੀ ਭਾਮੀਆਂ ਕਲਾਂ ਵਾਸੀ ਦੀਪਕ ਕੁਮਾਰ ਦਾ ਭਰਾ ਸ਼ਿਵਮ ਕੁਮਾਰ (19) ਆਪਣੇ ਸਾਥੀ ਕਰਨ ਕੁਮਾਰ ਨਾਲ ਸਾਈਕਲ ’ਤੇ ਆਪਣੇ ਕੰਮ ਲਈ ਕੁਹਾੜਾ ਜਾ ਰਹੇ ਸਨ। ਉਹ ਜਦੋਂ ਖਾਸੀ ਕਲਾਂ ਸ਼ਰਾਬ ਦੇ ਠੇਕੇ ਤੋਂ ਥੋੜਾ ਅੱਗੇ ਪੁੱਜੇ ਤਾਂ ਸਾਹਬਾਣਾ ਰੋਡ ਤਰਫੋਂ ਇੱਕ ਵਾਹਨ ਦੇ ਅਣਪਛਾਤੇ ਚਾਲਕ ਨੇ ਆਪਣਾ ਵਾਹਨ ਲਾਪ੍ਰਵਾਹੀ ਨਾਲ ਚਲਾ ਕੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਕਾਰਨ ਦੋਵੇਂ ਜਣੇ ਗੰਭੀਰ ਜ਼ਖ਼ਮੀ ਹੋ ਗਏ।
ਇਲਾਜ ਲਈ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸ਼ਿਵਮ ਨੂੰ ਮ੍ਰਿਤਕ ਕਰਾਰ ਕਰ ਦੇ ਦਿੱਤਾ ਤੇ ਕਰਨ ਕੁਮਾਰ ਦੀ ਨਾਜ਼ੁਕ ਹਾਲਾਤ ਦੇਖਦਿਆਂ ਉਸ ਨੂੰ ਪੀ ਜੀ ਆਈ ਚੰਡੀਗੜ੍ਹ ਭੇਜ ਦਿੱਤਾ। ਥਾਣੇਦਾਰ ਪਲਵਿੰਦਰ ਪਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਉਸ ਦੇ ਭਰਾ ਦੀਪਕ ਕੁਮਾਰ ਨੂੰ ਸੌਂਪ ਦਿੱਤੀ ਹੈ।
ਇਸੇ ਦੌਰਾਨ ਰੱਖਬਾਗ ਨੇੜੇ ਜੂਸ ਦੀ ਰੇਹੜੀ ’ਤੇ ਖੜ੍ਹੇ ਨਾਬਾਲਗ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜ ਦਿੱਤਾ। ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਜੂਸ ਦੀ ਰੇਹੜੀ ’ਤੇ ਖੜ੍ਹਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਪਹਿਲਾਂ ਕਾਰ ਨੇ ਉੱਥੇ ਖੜ੍ਹੀ ਬੋਲੈਰੋ ਗੱਡੀ ਨੂੰ ਵੀ ਟੱਕਰ ਮਾਰੀ। ਕਾਰ ਚਾਲਕ ਟੱਕਰ ਹੁੰਦੇ ਸਾਰ ਕਾਰ ਵਿੱਚੋਂ ਨਿਕਲ ਫ਼ਰਾਰ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਐਬੂਲੈਂਸ ਬੁਲਾ ਕੇ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ 8 ਦੀ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਬੱਚੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਗੁਰੂ ਨਾਨਕ ਸਟੇਡਿਅਮ ਦੇ ਬਾਹਰ ਜੂਸ ਦੀ ਰੇਹੜੀ ’ਤੇ ਇੱਕ 15 ਸਾਲਾ ਲੜਕਾ ਕੰਮ ਕਰਦਾ ਹੈ, ਅੱਜ ਉਹ ਕਿਸੇ ਨੂੰ ਜੂਸ ਦੇਣ ਤੋਂ ਬਾਅਦ ਸੜਕ ਪਾਰ ਕਰ ਰਿਹਾ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਤੇ ਉਸ ਨੇ ਪਹਿਲਾਂ ਖੜ੍ਹੇ ਵਾਹਨ ਨੂੰ ਟੱਕਰ ਮਾਰੀ ਤੇ ਫਿਰ ਲੜਕੇ ਨੂੰ ਦਰੜ ਦਿੱਤਾ। ਲੜਕੇ ਨੂੰ ਥੱਲੇ ਦੇਣ ਤੋਂ ਬਾਅਦ ਕਾਰ ਰੇਹੜੀ ’ਚ ਜਾ ਵੱਜੀ। ਲੋਕਾਂ ਮੁਤਾਬਕ ਕਾਰ ਦੇ ਡਰਾਈਵਰ ਦੀ ਅੱਖ ਲੱਗ ਗਈ ਸੀ, ਜਿਸ ਕਰਕੇ ਇਹ ਹਾਦਸਾ ਹੋਇਆ। ਮੁਲਜ਼ਮ ਟੱਕਰ ਮਾਰਨ ਤੋਂ ਬਾਅਦ ਕਾਰ ਵਿੱਚੋਂ ਬਾਹਰ ਨਿਕਲ ਕੇ ਫ਼ਰਾਰ ਹੋ ਗਿਆ। ਮੌਕੇ ’ਤੇ ਪੁੱਜੇ ਪੁਲੀਸ ਦੇ ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਲੋਕਾਂ ਨੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਪੁਲੀਸ ਬੱਚੇ ਦੇ ਹਾਲਾਤ ਜਾਣਨ ਦੇ ਲਈ ਹਸਪਤਾਲ ਗਈ ਹੈ। ਫਿਲਹਾਲ ਕਾਰ ਦੇ ਨੰਬਰ ਤੋਂ ਉਸ ਦੇ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ।
ਤੇਜ਼ ਰਫ਼ਤਾਰ ਟਰਾਲੇ ਦੀ ਫੇਟ ਕਾਰਨ ਮਹਿਲਾ ਹਲਾਕ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਬੀਤੀ ਦੇਰ ਸ਼ਾਮ ਇੱਕ ਤੇਜ਼ ਰਫਤਾਰ ਟਰਾਲਾ ਚਾਲਕ ਨੇ ਸਕੂਟਰ ਸਵਾਰ ਮਹਿਲਾ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਟਰਾਲੇ ਦੇ ਟਾਇਰ ਥੱਲੇ ਆ ਕੇ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ ਰੀਨਾ ਰਾਣੀ ਦੇ ਪਤੀ ਵਿਜੇ ਰਾਣਾ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੇ ਸਕੂਟਰ ’ਤੇ ਬਾਜ਼ਾਰ ਤੋਂ ਘਰ ਆ ਰਹੀ ਸੀ ਤਾਂ ਇੱਕ ਤੇਜ਼ ਰਫ਼ਤਾਰ ਟਰਾਲਾ ਚਾਲਕ ਨੇ ਪਿੱਛੋਂ ਰੀਨਾ ਰਾਣੀ ਦੇ ਸਕੂਟਰ ਨੂੰ ਟੱਕਰ ਮਾਰੀ। ਰੀਨਾ ਰਾਣੀ ਬੁੜਕ ਕੇ ਟਰਾਲੇ ਦੇ ਟਾਇਰ ਹੇਠਾਂ ਆ ਗਈ। ਰੀਨਾ ਰਾਣੀ ਨੂੰ ਐਂਬੂਲੈਂਸ ਰਾਹੀਂ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਰੀਨਾ ਰਾਣੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਰਾਜਸਥਾਨ ਨੰਬਰੀ ਟਰਾਲਾ ਆਰ ਜੇ 50 ਜੀ ਏ0518 ਆਪਣੇ ਕਬਜ਼ੇ ਵਿੱਚ ਲੈ ਲਿਆ। ਸਹਾਇਕ ਸਬ-ਇੰਸਪੈਕਟਰ ਸ਼ਮਿੰਦਰਜੀਤ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਹੈ ਅਤੇ ਟਰਾਲਾ ਚਾਲਕ ਦੀ ਭਾਲ ਆਰੰਭ ਦਿੱਤੀ ਹੈ।
ਮੋਟਰਸਾਈਕਲ ਸਵਾਰਾਂ ਨੇ ਬਿਰਧ ਨੂੰ ਫੇਟ ਮਾਰੀ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਪਿੰਡ ਸਿੱਧਵਾਂ ਕਲਾਂ ਦੇ ਪੈਟਰੌਲ ਪੰਪ ਸਾਹਮਣੇ ਅੱਜ ਬਾਅਦ ਦੁਪਹਿਰ ਕਰੀਬ 3:30 ਵਜੇ ਜਗਰਾਉਂ ਵੱਲੋਂ ਗਲਤ ਪਾਸਿਓਂ ਜਾ ਰਹੇ ਮੋਟਰਸਾਈਕਲ ’ਤੇ ਸਵਾਰ ਤਿੰਨ ਸ਼ਰਾਬੀਆਂ ਨੇ ਸਾਈਕਲ ’ਤੇ ਪਿੰਡ ਚੌਂਕੀਮਾਨ ਵੱਲੋਂ ਆ ਰਹੇ ਬਜ਼ੁਰਗ ਨੂੰ ਫੇਟ ਮਾਰ ਕੇ ਜ਼ਖ਼ਮੀ ਕਰ ਦਿੱਤਾ। ਰਾਹਗੀਰਾਂ ਨੇ ਬਿਰਧ ਨੂੰ ਸੰਭਾਲਿਆ ਅਤੇ ਐਂਬੂਲੈਂਸ ਰਾਹੀਂ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਭੇਜਿਆ। ਰਾਹਗੀਰਾਂ ਨੇ ਜਦੋਂ ਮੋਟਰਸਾਈਕਲ ਸਵਾਰਾਂ ਨੂੰ ਦੇਖਿਆ ਤਾਂ ਉਹ ਨਸ਼ੇ ਵਿੱਚ ਸਨ। ਤਿੰਨਾਂ ਨੇ ਸ਼ਰਾਬ ਪੀਤੀ ਹੋਈ ਸੀ। ਲੋਕਾਂ ਨੇ ਪਹਿਲਾਂ ਥਾਣਾ ਸਦਰ ਦੀ ਪੁਲੀਸ ਅਤੇ ਫਿਰ ਕੰਟਰੌਲ ਰੂਮ ’ਤੇ ਇਤਲਾਹ ਦੇ ਕੇ ਹਾਦਸੇ ਦੀ ਜਾਣਕਾਰੀ ਦਿੱਤੀ। ਪਤਾ ਲੱਗਿਆ ਹੈ ਕਿ ਬਿਰਧ ਪਿੰਡ ਚੌਂਕੀਮਾਨ ਦਾ ਰਹਿਣ ਵਾਲਾ ਹੈ। ਮੌਕੇ ’ਤੇ ਹਾਜ਼ਰ ਸਵਰਨ ਸਿੰਘ ਨੇ ਦੱਸਿਆ ਕਿ ਬਜ਼ੁਰਗ ਦੇ ਪਰਿਵਾਰਕ ਮੈਂਬਰ ਵੀ ਘਟਨਾ ਸਥਾਨ ’ਤੇ ਪਹੁੰਚ ਗਏ ਸਨ।
