ਸੜਕ ਹਾਦਸੇ ’ਚ ਨੌਜਵਾਨ ਹਲਾਕ
ਲੰਘੀ ਰਾਤ ਈਸੜੂ ਵਿਖੇ ਹੋਏ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਕਰੌਦੀਆਂ ਦੇ ਦੋ ਨੌਜਵਾਨ ਕਾਰ ਵਿੱਚ ਸਵਾਰ ਹੋ ਕੇ ਖੰਨੇ ਨੂੰ ਜਾ ਰਹੇ ਸਨ। ਅਚਾਨਕ ਉਨ੍ਹਾਂ ਦੀ ਕਾਰ ਸੜਕ ’ਤੇ ਖੜ੍ਹੀ ਪਰਾਲੀ ਵਾਲੀ ਟਰਾਲੀ ਨਾਲ ਟਕਰਾ ਗਈ। ਇਸ ਦੌਰਾਨ ਕਾਰ ਸਵਾਰ ਜਸਪ੍ਰੀਤ ਸਿੰਘ ਜੱਸਾ ਅਤੇ ਜੱਗਾ ਦੋਵੇਂ ਵਾਸੀ ਪਿੰਡ ਕਰੌਦੀਆਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਖੰਨਾ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਜਸਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਜੱਗਾ ਜ਼ੇਰੇ ਇਲਾਜ ਹੈ। ਚੌਕੀ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਰਾਜਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।
ਕੰਟੇਨਰ ਦੀ ਟੱਕਰ ਕਾਰਨ ਬਿਰਧ ਗੰਭੀਰ ਜ਼ਖ਼ਮੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਭਾਰਤ ਨਗਰ ਚੌਕ ਨੇੜੇ ਕੰਟੇਨਰ ਦੀ ਟੱਕਰ ਨਾਲ ਬਿਰਧ ਔਰਤ ਜ਼ਖ਼ਮੀ ਹੋ ਗਈ ਹੈ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਸ਼ਹੀਦਾਂ ਵਾਲਾ ਪਿੰਡ ਜੇਠੂਵਾਲ ਅੰਮ੍ਰਿਤਸਰ ਵਾਸੀ ਲਖਵਿੰਦਰ ਸਿੰਘ ਦੀ ਮਾਤਾ ਕੁਲਵੰਤ ਕੌਰ (75 ਸਾਲ) ਅਤੇ ਛੋਟਾ ਭਰਾ ਸੁਖਚੈਨ ਸਿੰਘ ਦੀ ਦਵਾਈ ਲੈਣ ਲਈ ਮੁੱਲਾਂਪੁਰ ਜਾ ਰਹੇ ਸਨ ਤਾਂ ਕੰਟੇਨਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਵਿੱਢ ਦਿੱਤੀ ਹੈ।
