ਸੜਕ ਹਾਦਸੇ ਵਿੱਚ ਨੌਜਵਾਨ ਹਲਾਕ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 24 ਜੂਨ
ਸਿੱਧਵਾਂ ਬੇਟ-ਨਕੋਦਰ ਮੁੱਖ ਮਾਰਗ ’ਤੇ ਪਿੰਡ ਖੁਰਸ਼ੇਦਪੁਰ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੌਕੇ ’ਤੇ ਪੁੱਜੀ ਐਸ.ਐਸ.ਫੋਰਸ ਦੀ ਟੀਮ ਨੇ ਲਾਸ਼ ਹਾਦਸੇ ਵਾਲੀ ਜਗ੍ਹਾ ਤੋਂ ਉਠਾ ਕੇ ਸਿੱਧਵਾਂ ਬੇਟ ਥਾਣਾ ਪੁਲੀਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਮ੍ਰਿਤਕ ਨੌਜਵਾਨ ਕੋਲ ਪਏ ਬੈੱਗ ਵਿੱਚੋਂ ਮਿਲੀਆਂ ਟਿਕਟਾਂ ਤੋਂ ਪਤਾ ਲੱਗਾ ਕਿ ਇਹ ਨੌਜਵਾਨ ਨਿਊ ਸਤਲੁਜ ਟਰਾਂਸਪੋਰਟ ਕੰਪਨੀ ’ਚ ਕੰਡਕਟਰੀ ਕਰਦਾ ਸੀ ਅਤੇ ਉਸ ਦੀ ਪਛਾਣ ਸ਼ਨਾਖਤੀ ਕਾਰਡ ਤੋਂ ਹੋਈ। ਇਹ ਨੌਜਵਾਨ ਦਵਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਬੌਡੇ (ਮੋਗਾ) ਦਾ ਰਹਿਣ ਵਾਲਾ ਸੀ। ਖ਼ਬਰ ਲਿਖੇ ਜਾਣ ਤੱਕ ਇਹ ਪਤਾ ਨਹੀਂ ਸੀ ਲੱਗ ਸਕਿਆ ਕਿ ਉਕਤ ਨੌਜਵਾਨ ਨੂੰ ਕਿਸ ਵਾਹਨ ਨੇ ਟੱਕਰ ਮਾਰੀ। ਘਟਨਾ ਦਾ ਪਤਾ ਲੱਗਣ ਤੇ ਦਵਿੰਦਰ ਸਿੰਘ ਦਾ ਮਾਮਾ ਉੱਥੇ ਪੁੱਜਾ। ਉਸ ਨੇ ਦੱਸਿਆ ਕਿ ਦਵਿੰਦਰ ਸਿੰਘ ਦਾ ਕੁੱਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਜੋ ਨਿੱਭ ਨਹੀਂ ਸਕਿਆ ਅਤੇ ਉਸ ਦਾ ਤਲਾਕ ਹੋ ਗਿਆ ਸੀ। ਹੁਣ ਉਹ ਬੋਪਾਰਾਏ ਕਲੋਨੀ ਸਿੱਧਵਾਂ ਬੇਟ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ ਤੇ ਉਕਤ ਕੰਪਨੀ ਵਿੱਚ ਕੰਡਕਟਰੀ ਕਰਦਾ ਸੀ। ਮਾਮਲੇ ਦੇ ਪੜਤਾਲੀ ਅਫਸਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਸਿੱਧਵਾਂ ਬੇਟ-ਨਕੋਦਰ ਰੋਡ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਆਰੰਭੀ ਗਈ ਹੈ ਤਾਂ ਜੋ ਫੇਟ ਮਾਰਨ ਵਾਲੇ ਵਾਹਨ ਤੱਕ ਪਹੁੰਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਟਰੱਕ ਨਾਲ ਟਕਰਾਉਣ ਉਪਰੰਤ ਕਾਰ ਪਲਟੀ
ਜੋਗਿੰਦਰ ਸਿੰਘ ਓਬਰਾਏਖੰਨਾ, 24 ਜੂਨ
ਲੋਕ ਅਕਸਰ ਗੱਡੀਆਂ ਚਲਾਉਣ ਸਮੇਂ ਸੀਟ ਬੈਲਟ ਬੰਨ੍ਹਣ ਤੋਂ ਗੁਰੇਜ਼ ਕਰਦੇ ਹਨ ਪਰ ਅੱਜ ਇਥੋਂ ਦੀ ਜਰਨੈਲੀ ਸੜਕ ’ਤੇ ਇਕ ਅਜਿਹਾ ਹਾਦਸਾ ਵਾਪਰਿਆ ਜਿਸ ਵਿਚ ਸੀਟ ਬੈਲਟਾਂ ਪਾਈਆਂ ਹੋਣ ਕਾਰਨ ਗੱਡੀ ਵਿਚ ਸਵਾਰ ਤਿੰਨ ਵਿਅਕਤੀਆਂ ਦਾ ਬਚਾਅ ਹੋ ਗਿਆ। ਦੱਸਣਯੋਗ ਹੈ ਕਿ ਨੈਸ਼ਨਲ ਹਾਈਵੇਅ ਖੰਨਾ ਦੇ ਫਲਾਈਓਵਰ ’ਤੇ ਪਿਛੋਂ ਆਏ ਟਰੱਕ ਨਾਲ ਟਕਰਾਉਣ ਉਪਰੰਤ ਇਕ ਆਲਟੋ ਕਾਰ ਕਈ ਪਲਟੀਆਂ ਖਾ ਗਈ। ਕਾਰ ਵਿਚ ਬਜ਼ੁਰਗ, ਉਸ ਦੀ ਧੀ ਅਤੇ ਦੋਹਤਾ ਸਵਾਰ ਸਨ ਅਤੇ ਪਲਟਣ ਉਪਰੰਤ ਵੀ ਕਾਰ ਵਿਚ ਸਵਾਰ ਕਿਸੇ ਵੀ ਵਿਅਕਤੀ ਨੂੰ ਖਰੋਚ ਤੱਕ ਨਹੀਂ ਆਈ। ਮੌਕੇ ’ਤੇ ਕਾਰ ਸਵਾਰ ਨੂੰ ਬਚਾਉਣ ਵਾਲੇ ਸੁਨੀਲ ਗੁਪਤਾ ਨੇ ਦੱਸਿਆ ਕਿ ਆਲਟੋ ਕਾਰ ਚੰਡੀਗੜ੍ਹ ਸਾਈਡ ਤੋਂ ਖੰਨਾ ਆ ਰਹੀ ਕਿ ਜਦੋਂ ਕਾਰ ਸਵਾਰ ਨੇ ਫਲਾਈਓਵਰ ਤੋਂ ਮੁੜਨ ਲਈ ਇੰਡੀਕੇਟਰ ਦਿੱਤਾ ਤਾਂ ਪਿਛੋਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਕਾਰ ਬੇਕਾਬੂ ਹੋ ਕੇ ਪਲਟੀਆਂ ਖਾਂਦੀ ਸੜਕ ਵਿਚਕਾਰ ਪਲਟ ਗਈ। ਰਾਹਗੀਰਾਂ ਨੇ ਤੁਰੰਤ ਕਾਰ ਨੂੰ ਸਿੱਧਾ ਕੀਤਾ ਜਦੋਂ ਕਾਰ ਵਿਚ ਸਵਾਰਾਂ ਦੀਆਂ ਸੀਟ ਬੈਲਟਾਂ ਉਤਾਰੀਆਂ ਅਤੇ ਉਨ੍ਹਾਂ ਨੂੰ ਬਾਹਰ ਕੱਢਿਆ ਤਾਂ ਉਹ ਬਿਲਕੁਲ ਸਹੀ ਸਲਾਮਤ ਸਨ। ਕਾਰ ਸਵਾਰ ਬਜ਼ੁਰਗ ਨੇ ਦੱÎਸਆ ਕਿ ਉਹ ਪੰਚਕੂਲਾ ਤੋਂ ਖੰਨਾ ਆਪਣੀ ਧੀ ਅਤੇ ਦੋਹਤੇ ਨੂੰ ਮਾਤਾ ਰਾਣੀ ਮੰਦਰ ਇਲਾਕੇ ਵਿਚ ਛੱਡਣ ਲਈ ਆ ਰਿਹਾ ਸੀ। ਉਨ੍ਹਾਂ ਹਾਦਸੇ ਉਪਰੰਤ ਸਭ ਦੇ ਸਹੀ ਸਲਾਮਤ ਰਹਿਣ ’ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਪੁਲੀਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੱਡੀ ਵਿਚ ਬੈਠਣ ਤੋਂ ਪਹਿਲਾਂ ਸੀਟ ਬੈਲਟਾਂ ਜ਼ਰੂਰ ਲਾਈਆਂ ਜਾਣ ਤਾਂ ਜੋ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।