ਯੁਵਕ ਮੇਲਾ: ਗੁਜਰਾਂਵਾਲਾ ਕਾਲਜ ਦੀ ਭੰਗੜਾ ਟੀਮ ਅੱਵਲ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐੱਸ ਸੀ ਡੀ ਸਰਕਾਰੀ ਕਾਲਜ, ਲੁਧਿਆਣਾ ਵਿੱਚ ਕਰਵਾਏ ਗਏ 66ਵੇਂ ਯੁਵਕ ਮੇਲੇ (ਜ਼ੋਨ -2) ਦੇ ਵਿਚ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਦਿਖਾਉਂਦੇ ਹੋਏ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਰਾਜਿੰਦਰ ਕੌਰ ਮਲਹੋਤਰਾ ਨੇ ਦੱਸਿਆ ਕਿ ਯੁਵਕ ਮੇਲੇ ਵਿੱਚ ਕਾਲਜ ਦੀ ਭੰਗੜਾ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਇਸੇ ਭੰਗੜਾ ਟੀਮ ਦੇ ਵਿਦਿਆਰਥੀ ਵਰੂਨ ਡੋਗਰਾ ਨੇ ਵਿਅਕਤੀਗਤ ਤੌਰ ’ਤੇ ਪਹਿਲਾ ਤੇ ਵਿਸ਼ਾਲ ਭਾਟੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਕਾਲਜ ਦੀ ਝੂੰਮਰ ਟੀਮ ਨੇ ਵੀ ਜ਼ੋਨ ਏ ਵਿੱਚੋਂ ਪਹਿਲਾ ਸਥਾਨ ਹਾਸਿਲ ਕਰ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਝੂਮਰ ਦੀ ਟੀਮ ਦੇ ਵਿਦਿਆਰਥੀ ਵਿਸ਼ਾਲ ਭਾਟੀਆ ਨੇ ਵਿਅਕਤੀਗਤ ਤੌਰ ’ਤੇ ਪਹਿਲਾ ਤੇ ਵਰੂਨ ਡੋਗਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮਾਣਮੱਤੀ ਪ੍ਰਾਪਤੀ ਲਈ ਉਨ੍ਹਾਂ ਨੇ ਭੰਗੜਾ ਤੇ ਝੂੰਮਰ ਟੀਮ ਦੇ ਇੰਚਾਰਜ ਡਾ. ਦਲੀਪ ਸਿੰਘ, ਪ੍ਰੋ. ਮਨਜੀਤ ਸਿੰਘ , ਪ੍ਰੋ. ਹਰਸਿਮਰਨ ਸਿੰਘ ਅਤੇ ਭੰਗੜਾ ਤੇ ਝੂੰਮਰ ਟੀਮ ਦੇ ਕੋਚ ਗੁਰਇਕਜੋਤ ਸਿੰਘ ਤੇ ਬਿੰਦਰ ਢੋਲੀ ਦੀ ਭਰਪੂਰ ਸ਼ਲਾਘਾ ਕੀਤੀ। ਕਵੀਸ਼ਰੀ ਤੇ ਕਲੀ ਮੁਕਾਬਲੇ ਵਿੱਚ ਆਕਾਸ਼ਦੀਪ ਸਿੰਘ ਨੇ ਕ੍ਰਮਵਾਰ ਪਹਿਲਾ ਤੇ ਤੀਸਰਾ ਸਥਾਨ ਹਾਸਿਲ ਕੀਤਾ। ਕਵਿਤਾ ਉਚਾਰਣ ਮੁਕਾਬਲੇ ਵਿਚ ਮਨੀਸ਼ਾ ਨੇ ਦੂਜਾ ਸਥਾ, ਵਾਰ ਗਾਇਨ ਵਿਚ ਹਰਮਨ ਕੌਰ, ਮੁਸਕਾਨ ਰਾਣਾ ਤੇ ਐਸ਼ਵਰਿਆ ਨੇ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਪ੍ਰਿੰਸੀਪਲ ਪ੍ਰੋ. ਮਲਹੋਤਰਾ ਨੇ ਯੁਵਕ ਮੇਲੇ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
