ਭੰਗੜੇ ਤੇ ਗਿੱਧੇ ਦੀਆਂ ਪੇਸ਼ਕਾਰੀਆਂ ਨਾਲ ਯੁਵਕ ਮੇਲਾ ਸਮਾਪਤ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਹੇ ਯੁਵਕ ਮੇਲੇ ਦੇ ਅੱਜ ਆਖ਼ਰੀ ਦਿਨ ਕਲਾਤਮਕ ਤੇ ਲੋਕ ਨਾਚਾਂ ਦਾ ਭਰਪੂਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਨੇ ਪੂਰੇ ਕੈਂਪਸ ਨੂੰ ਲੋਕ ਰੰਗ ਵਿੱਚ ਰੰਗ ਦਿੱਤਾ। ਅੱਜ ਦੇ ਇਸ ਦਿਨ ਦੇ ਮੁੱਖ ਮਹਿਮਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਨ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ’ਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਅਸ਼ੋਕ ਕੁਮਾਰ, ਡਾ. ਰਾਮਚੰਦ, ਜਨਰਲ ਮੈਨੇਜਰ ਹਰਦੀਪ ਸਿੰਘ, ਵੈਟਰਨਰੀ ’ਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰਪਾਲ ਸਿੰਘ, ਫਿਲਮ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਅਤੇ ਸ਼ਿਵੰਦਰ ਮਾਹਲ ਅਤੇ ਉੱਘੇ ਗਾਇਕ ਹਰਦੀਪ ਗਿੱਲ, ਨਗਰ ਨਿਗਮ ਦੇ ਉਪ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਆਦਿ ਹਾਜ਼ਰ ਸਨ। ਵਿੱਤ ਮੰਤਰੀ ਹਰਪਾਲ ਚੀਮਾ ਨੇ ਪੀ ਏ ਯੂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਰੰਗ ਅਤੇ ਵਿਰਾਸਤ ਨੂੰ ਸੰਭਾਲ ਕੇ ਰੱਖਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਤਸੱਲੀ ਪ੍ਰਗਟ ਕੀਤੀ ਕਿ ਅੱਜ ਦੇ ਵਿਦਿਆਰਥੀ ਆਪਣੇ ਵਿਰਸੇ ਬਾਰੇ ਜਾਗਰੂਕ ਹਨ। ਉਨ੍ਹਾਂ ਨੇ ਪੰਜਾਬੀ ਭਾਸ਼ਾ, ਵਿਰਸੇ ਅਤੇ ਕਲਾਵਾਂ ਦੀ ਸੰਭਾਲ ਨੂੰ ਅੱਜ ਦੇ ਸੋਸ਼ਲ ਮੀਡੀਆ ਯੁੱਗ ਵਿੱਚ ਸੰਭਾਲਣ ਲਈ ਪੀ ਏ ਯੂ ਦੇ ਯੁਵਕ ਮੇਲੇ ਦੀ ਸ਼ਲਾਘਾ ਕੀਤੀ। ਡਾ. ਗੋਸਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਰਸੇ ਤੇ ਵਾਤਾਵਰਨ ਦੀ ਸੰਭਾਲ ਅੱਜ ਦੇ ਸਭ ਤੋਂ ਉਭਰਵੇਂ ਮੁੱਦੇ ਹਨ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਧੰਨਵਾਦ ਕਰਦਿਆਂ ਇਸ ਯੁਵਕ ਮੇਲੇ ਦੀ ਸਫਲਤਾ ਲਈ ਨਾਲ ਜੁੜੇ ਸਾਰੇ ਅਧਿਆਪਨ, ਗੈਰ ਅਧਿਆਪਨ ਅਮਲੇ ਅਤੇ ਵਿਦਿਆਰਥੀਆਂ ਦੇ ਨਾਲ ਮਹਿਮਾਨਾਂ ਅਤੇ ਜੱਜਮੈਂਟ ਨਾਲ ਜੁੜੇ ਮਾਹਿਰਾਂ ਦਾ ਧੰਨਵਾਦ ਕੀਤਾ। ਸਮਾਰੋਹ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ, ਡਾ. ਸੁਮੇਧਾ ਭੰਡਾਰੀ, ਡਾ. ਦਿਵਿਆ ਉਤਰੇਜਾ ਅਤੇ ਡਾ. ਬਿਕਰਮਜੀਤ ਸਿੰਘ ਨੇ ਕੀਤਾ। ਅੱਜ ਹੋਏ ਮੁਕਾਬਲਿਆਂ ਦੇ ਨਤੀਜਿਆਂ ਵਿਚ ਕਮਿਊਨਟੀ ਸਾਇੰਸ ਕਾਲਜ ਨੇ ਸੱਭਿਆਚਾਰਕ ਪ੍ਰਸ਼ਨੋਤਰੀ ਵਿਚ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਸਥਾਨ ’ਤੇ ਖੇਤੀਬਾੜੀ ਕਾਲਜ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੀਆਂ ਟੀਮਾਂ ਰਹੀਆਂ ਜਦਕਿ ਤੀਜਾ ਸਥਾਨ ਬੇਸਿਕ ਸਾਇੰਸਜ਼ ਕਾਲਜ ਦੀ ਟੀਮ ਨੂੰ ਮਿਲਿਆ। ਮਮਿੱਕਰੀ ਵਿੱਚ ਕਮਿਊਨਟੀ ਸਾਇੰਸ ਦੇ ਦਿਵਿਆਂਸ਼ ਪਹਿਲੇ ਸਥਾਨ ’ਤੇ ਰਿਹਾ, ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਦੀ ਕੁਨਿਕਾ ਨੇ ਦੂਜਾ ਅਤੇ ਖੇਤੀਬਾੜੀ ਕਾਲਜ ਲੁਧਿਆਣਾ ਦੇ ਪਵਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕਿੱਟ ਦੇ ਮੁਕਾਬਲੇ ਵਿਚ ਲੁਧਿਆਣਾ ਦੇ ਖੇਤੀਬਾੜੀ ਕਾਲਜ ਸਿਖਰ ’ਤੇ ਰਿਹਾ। ਬਾਗਬਾਨੀ ਕਾਲਜ ਅਤੇ ਬੇਸਿਕ ਸਾਇੰਸਜ਼ ਕਾਲਜ ਕ੍ਰਮਵਾਰ ਦੂਜੇ, ਤੀਜੇ ਸਥਾਨ ’ਤੇ ਰਹੇ।
