ਯੁਵਕ ਮੇਲਾ: ਵਿਦਿਆਰਥਣਾਂ ਵੱਲੋਂ ਪਾਏ ਗਿੱਧੇ ਨੇ ਦਰਸ਼ਕਾਂ ਨੂੰ ਝੂਮਣ ਲਾਇਆ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਅੱਜ ਗਿੱਧੇ ਦੀਆਂ ਪੇਸ਼ਕਾਰੀਆਂ ਨੇ ਹਾਜ਼ਰੀਨ ਨੂੰ ਝੂਮਣ ਲਾ ਦਿੱਤਾ। ਸੋਹਣੇ ਪਹਿਰਾਵਿਆਂ ਵਿੱਚ ਸਜੀਆਂ ਮੁਟਿਆਰਾਂ ਵੱਖਰਾ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਨੌਜਵਾਨਾਂ ਵਿੱਚ ਲੁਕੀ ਕਲਾ ਨੂੰ ਉਭਾਰਨ ਦੇ ਮਕਸਦ ਨਾਲ ਕਰਵਾਏ ਜਾਂਦੇ ਵੈਟਰਨਰੀ ਯੁਵਕ ਮੇਲੇ ਵਿੱਚ ਅੱਜ ਦਾ ਦਿਨ ਗਿੱਧੇ ਦੀਆਂ ਪੇਸ਼ਕਾਰੀਆਂ ਦੀ ਚੜ੍ਹਤ ਰਹੀ।
ਇਨ੍ਹਾਂ ਪੇਸ਼ਕਾਰੀਆਂ ਨੇ ਪੰਜਾਬੀ ਸੱਭਿਆਚਾਰ ਦੀ ਅਮੀਰੀ ਨੂੰ ਹੋਰ ਅਮੀਰ ਬਣਾ ਦਿੱਤਾ। ਦੁਪਹਿਰ 2 ਵਜੇ ਤੋਂ ਬਾਅਦ ਸ਼ੁਰੂ ਹੋਏ ਗਿੱਧੇ ਦੇ ਮੁਕਾਬਲੇ ਸ਼ਾਮ 5.30 ਵਜੇ ਤੱਕ ਹੋਏ। ਇਨ੍ਹਾਂ ਤੋਂ ਬਾਅਦ ਭੰਗੜੇ ਦੇ ਮੁਕਾਬਲੇ ਸ਼ੁਰੂ ਹੋਏ। ਨੌਜਵਾਨਾਂ ਦੀ ਹੌਸਲਾ ਅਫਜ਼ਾਈ ਲਈ ਕਈ ਅਹਿਮ ਸਖਸ਼ੀਅਤਾਂ ਪਹੁੰਚੀਆਂ ਸਨ। ਇਸ ਤੋਂ ਪਹਿਲਾਂ ਸਵੇਰ ਸਮੇਂ ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਮੁੱਖ ਮਹਿਮਾਨ ਵਜੋਂ ਜਦਕਿ ਪੰਜਾਬੀ ਫਿਲਮਾਂ ਦੇ ਅਦਾਕਾਰ ਮਲਕੀਤ ਰੌਣੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰੀ ਡੇਚਲਵਾਲ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ’ਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨਸ਼ੀਲ ਰਹਿਣ। ਪੀਏਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਅਤੇ ਡੀਨ, ਕਾਲਜ ਆਫ ਐਗਰੀਕਲਚਰ ਡਾ. ਚਰਨਜੀਤ ਸਿੰਘ ਔਲਖ ਨੇ ਵੀ ਸਮਾਗਮ ਦੀ ਸੋਭਾ ਵਧਾਈ।
ਵੈਟਰਨਰੀ ’ਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਪ੍ਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਨਾਟਕ ‘ਵੀਠਲਾ’ ਵਿੱਚ ਮਨੁੱਖ ਨੂੰ ਆਪਣੀ ਕਿਰਤ ਨੂੰ ਤਰਜ਼ੀਹ ਦੇਣ, ‘ਦੇਵੀ’ ਨਾਟਕ ਨੇ ਔਰਤਾਂ ਦੇ ਸ਼ਕਤੀਕਰਨ, ‘ਅਗਰਬੱਤੀ’ ਨਾਟਕ ਨੇ ਹਿੰਸਕ ਕਾਰਨਾਂ ਦਾ ਸ਼ਿਕਾਰ ਹੋ ਗਏ ਵਿਅਕਤੀਆਂ ਦੀਆਂ ਵਿਧਵਾਵਾਂ ਦੇ ਜੀਵਨ, ‘ਸਾਵੀ’, ‘ਧੀਆਂ ਤੇ ਕਹਾਣੀਆਂ’, ‘ਸਾਡਾ ਜੱਗੋਂ ਸੀਰ ਮੁੱਕਿਆ’ ਆਦਿ ਨਾਟਕ ਵੀ ਕਈ ਸੁਨੇਹੇ ਦੇ ਗਏ। ਮਿਲੇ ਨਤੀਜਿਆਂ ਵਿੱਚੋਂ ਮਮਿਕਰੀ ਵਿੱਚ ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ ਦੇ ਗੌਰਵ ਡੋਗਰਾ ਨੇ ਪਹਿਲਾ, ਵੈਟਰਨਰੀ ਪੌਲੀਟੈਕਨਿਕ, ਕਾਲਝਰਾਣੀ ਦੇ ਸਹਿਜਪਾਲ ਸਿੰਘ ਨੇ ਦੂਜਾ ਅਤੇ ਕਾਲਜ ਆਫ ਡੇਅਰੀ ਅਤੇ ਫੁਡ ਸਾਇੰਸ ਤਕਨਾਲੋਜੀ ਦੇ ਤਰਨਪ੍ਰੀਤ ਸਿੰਘ ਸੈਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।