ਵੈਟਰਨਰੀ ਯੂਨੀਵਰਸਿਟੀ ਵਿੱਚ ਯੁਵਕ ਮੇਲੇ ਦਾ ਆਗਾਜ਼
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦਾ 14ਵਾਂ ਯੁਵਕ ਮੇਲਾ ਗਿਆਨ ਦੇ ਪ੍ਰਦਰਸ਼ਨ, ਕੋਮਲ ਕਲਾਵਾਂ ਅਤੇ ਅਧਿਆਤਮਕ ਗਾਇਨ ਮੁਕਾਬਲਿਆਂ ਨਾਲ ਸ਼ੁਰੂ ਹੋੋਇਆ। ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਮੰਚ ਤੋਂ ਬਗੈਰ ਹੋਣ ਵਾਲੇ ਮੁਕਾਬਲਿਆਂ ਦਾ ਉਦਘਾਟਨ ਕੀਤਾ। ਪਹਿਲੇ ਦਿਨ ਸ਼ਬਦ ਗਾਇਨ ਦੇ ਮੁਕਾਬਲੇ ਵਿੱਚ ਕਾਲਜ ਆਫ ਫਿਸ਼ਰੀਜ਼ ਦੀ ਟੀਮ ਜੇਤੂ ਰਹੀ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਾਬਿੰਦਰ ਸਿੰਘ ਔਲਖ ਨੇ ਕਿਹਾ ਕਿ ਯੁਵਕ ਮੇਲੇ ਆਤਮ ਪ੍ਰਗਟਾਵੇ ਲਈ ਇਕ ਬਹੁਤ ਵਧੀਆ ਮੰਚ ਹਨ। ਯੁਵਕ ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਦੱਸਿਆ ਕਿ ਅੱਜ ਫੋਟੋਗਰਾਫੀ, ਕੁਇਜ਼, ਸ਼ਬਦ ਗਾਇਨ, ਪੋਸਟਰ ਬਣਾਉਣਾ ਅਤੇ ਕਾਰਟੂਨ ਤਿਆਰ ਕਰਨ ਦੇ ਮੁਕਾਬਲੇ ਕਰਵਾਏ ਗਏ। ਕਾਰਟੂਨ ਬਣਾਉਣ ਲਈ ‘ਸੋਸ਼ਲ ਮੀਡੀਆ ਦਾ ਪ੍ਰਭਾਵ’, ਪੋਸਟਰ ਬਣਾਉਣ ਲਈ ‘ਯੁਵਕ ਮੇਲਾ’ ਜਦਕਿ ਫੋਟੋਗ੍ਰਾਫੀ ਲਈ ‘ਸਰਦੀਆਂ ਦੇ ਰੰਗ’ ਵਿਸ਼ੇ ਰੱਖੇ ਗਏ ਸਨ। ਰਜਿਸਟਰਾਰ ਡਾ. ਸੁਰੇਸ਼ ਕੁਮਾਰ ਸ਼ਰਮਾ ਨੇ ਸ਼ਬਦ ਗਾਇਨ ਅਤੇ ਕੁਇਜ਼ ਦੇ ਸੈਸ਼ਨ ਵਿੱਚ ਬਤੌਰ ਮੁੱਖ ਮਹਿਮਾਨ ਸੋਭਾ ਵਧਾਈ।
ਡਾ. ਘੁੰਮਣ ਨੇ ਦੱਸਿਆ ਕਿ 27 ਨਵੰਬਰ ਨੂੰ ਮੌਕੇ ’ਤੇ ਚਿੱਤਰਕਾਰੀ, ਕਲੇ ਮਾਡਲਿੰਗ ਅਤੇ ਕੋਲਾਜ ਬਣਾਉਣ ਦੇ ਮੁਕਾਬਲੇ ਵੈਟਰਨਰੀ ਸਾਇੰਸ ਕਾਲਜ ਦੇ ਪ੍ਰੀਖਿਆ ਹਾਲ ਵਿੱਚ ਕਰਵਾਏ ਜਾਣਗੇ। ਯੁਵਕ ਮੇਲੇ ਦੇ ਅੱਜ ਪਹਿਲੇ ਦਿਨ ਹੋਏ ਵੱਖ ਵੱਖ ਮੁਕਾਬਲਿਆਂ ’ਚੋਂ ਫੋਟੋਗਰਾਫੀ ਵਿੱਚ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਦੀ ਕੀਰਤ ਕੌਰ ਬਰਾੜ, ਕਾਲਜ ਆਫ ਫ਼ਿਸ਼ਰੀਜ਼ ਦੇ ਆਦਰਸ਼ ਕੁਮਾਰ, ਖਾਲਸਾ ਕਾਲਜ ਆਫ ਵੈਟਰਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੇ ਪਰਮਨੂਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਇਜ਼ ਮੁਕਾਬਲੇ ’ਚ ਕਾਲਜ ਆਫ ਫ਼ਿਸ਼ਰੀਜ਼ ਨੇ ਪਹਿਲਾ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਦੂਜਾ ਜਦਕਿ ਖਾਲਸਾ ਕਾਲਜ ਆਫ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਅੰਮ੍ਰਿਤਸਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਬਦ ਗਾਇਨ ਮੁਕਾਬਲੇ ਵਿੱਚ ਕਾਲਜ ਆਫ ਫ਼ਿਸ਼ਰੀਜ਼, ਵੈਟਰਨਰੀ ਸਾਇੰਸ ਕਾਲਜ, ਲੁਧਿਆਣਾ ਅਤੇ ਵੈਟਰਨਰੀ ਸਾਇੰਸ ਕਾਲਜ ਰਾਮਪੁਰਾ ਫੂਲ (ਬਠਿੰਡਾ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
