ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
ਇਥੇ ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ ’ਤੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੋਟਰਸਾਈਕਲ ਦੀ ਇਹ ਟੱਕਰ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਨਾਲ ਹੋਈ। ਹਾਦਸਾ ਮੁੱਲਾਂਪੁਰ ਨੇੜੇ ਪਿੰਡ ਪੰਡੋਰੀ ਕੋਲ ਵਾਪਰਿਆ, ਜਦੋਂ ਮੋਟਰਸਾਈਕਲ ਸਵਾਰ ਸੜਕ ਦੇ ਇਕ ਪਾਸਿਓਂ ਦੂਜੇ ਪਾਸੇ ਲੰਘਣ ਲੱਗਾ ਅਤੇ ਤੇਜ਼ ਰਫ਼ਤਾਰ ਆ ਰਹੀ ਸਕਾਰਪੀਓ ਗੱਡੀ ਨਾਲ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰ ਦੀ ਹੋਈ ਇਕ ਇਕ ਵਾਰ ਮੋਟਰਸਾਈਕਲ ’ਤੇ ਸਵਾਰ ਵਿਅਕਤੀ ਹਵਾ ’ਚ ਬੁੜਕ ਗਏ। ਬਾਅਦ ਵਿੱਚ ਸੀਸੀਟੀਵੀ ਫੁਟੇਜ ਦੇਖ ਕੇ ਪਤਾ ਲਗਾ ਕਿ ਜਦੋਂ ਮੋਟਰਸਾਈਕਲ ਸਵਾਰ ਸੜਕ ਪਾਰ ਕਰ ਰਿਹਾ ਸੀ ਉਦੋਂ ਇਹ ਹਾਦਸਾ ਵਾਪਰਿਆ। ਮ੍ਰਿਤਕ ਦੀ ਪਛਾਣ ਨੇੜਲੇ ਪਿੰਡ ਮੰਡਿਆਣੀ ਦੇ ਪਰਦੀਪ ਸਿੰਘ ਉਰਫ ਗੋਪੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਦਾਖਾ ਦੇ ਇੰਚਾਰਜ ਇੰਸਪੈਕਟਰ ਹਮਰਾਜ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਹਾਦਸਾਗ੍ਰਸਤ ਮੋਟਰਸਾਈਕਲ ਅਤੇ ਸਕਾਰਪੀਓ ਕਬਜ਼ੇ ਵਿੱਚ ਲੈ ਲਈ ਹੈ। ਹਾਦਸੇ ਤੋਂ ਬਾਅਦ ਦੇਖਣ ਨੂੰ ਮਿਲਿਆ ਕਿ ਸਕਾਰਪੀਓ ਗੱਡੀ ਦੀਆਂ ਨੰਬਰ ਪਲੇਟਾਂ ਗਾਇਬ ਸਨ। ਉਸ ਦੇ ਮੂਹਰਲੇ ਵੱਡੇ ਸ਼ੀਸ਼ੇ ਉੱਪਰ ਗਰੇਵਾਲ ਲਿਖਿਆ ਹੋਣ ਦੇ ਨਾਲ ਬੀਕੇਯੂ ਡਕੌਂਦਾ-ਧਨੇਰ ਦਾ ਸਟਿੱਕਰ ਵੀ ਲੱਗਿਆ ਹੋਇਆ ਹੈ। ਥਾਣਾ ਮੁਖੀ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਸ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸੜਕ ਹਾਦਸਿਆਂ ਵਿੱਚ ਇੱਕ ਹਲਾਕ; ਇੱਕ ਜ਼ਖ਼ਮੀ
ਲੁਧਿਆਣਾ(ਨਿੱਜੀ ਪੱਤਰ ਪ੍ਰੇਰਕ): ਇਥੇ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਇੱਕ ਹੋਰ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਪਿੰਡ ਕੈਂਡ ਵਾਸੀ ਦਵਿੰਦਰ ਸਿੰਘ ਦੇ ਪਿਤਾ ਜ਼ੋਰਾ ਸਿੰਘ (70 ਸਾਲ) ਆਪਣੇ ਮੋਟਰਸਾਈਕਲ ਤੇ ਆਪਣੀ ਡਿਊਟੀ ਲਈ ਜਾ ਰਹੇ ਸੀ, ਤਾਂ ਪਿੰਡ ਕੈਂਡ ਸਥਿਤ
Advertisementਦਸ਼ਮੇਸ਼ ਪਬਲਿਕ ਸਕੂਲ ਪਾਸ ਬਣੇ ਮੁੱਖ ਮਾਰਗ ਦੇ ਕੱਟ ਨੂੰ ਪਾਰ ਕਰਨ ਲੱਗੇ, ਤਾਂ ਇੱਕ ਸਕਾਰਪੀਓ ਗੱਡੀ ਦੇ ਚਾਲਕ ਨੇ ਤੇਜ਼ ਰਫਤਾਰੀ ਅਤੇ ਅਣਗਹਿਲੀ ਨਾਲ
ਗੱਡੀ ਚਲਾ ਕੇ ਉਨ੍ਹਾਂ ਨੂੰ ਟੱਕਰ ਮਾਰੀ ਅਤੇ ਸਮੇਤ ਗੱਡੀ ਫਰਾਰ ਹੋ ਗਿਆ। ਟੱਕਰ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਏ। ਇਲਾਜ਼ ਲਈ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਥਾਣੇਦਾਰ ਜਰਨੈਲ
ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਗੱਡੀ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਉਸਦੇ ਲੜਕੇ ਨੂੰ ਸੌਂਪ ਦਿੱਤੀ ਗਈ ਹੈ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 6 ਦੇ ਇਲਾਕੇ ਕੋਟ ਮੰਗਲ ਸਿੰਘ ਵਿੱਚ ਹਰਪਾਲ ਸਿੰਘ ਆਪਣੇ ਦੋਸਤ ਇਕਬਾਲ ਸਿੰਘ ਨਾਲ ਘਰ ਦੇ ਬਾਹਰ ਖੜ੍ਹਾ ਸੀ, ਤਾਂ ਮੁਹੱਲੇ ਵਿੱਚ ਹੀ ਰਹਿੰਦੇ ਰਵਿੰਦਰ ਸਿੰਘ ਉਰਫ਼ ਲਾਡੀ ਨੇ ਆਪਣੀ ਗੱਡੀ ਤੇਜ਼ ਰਫਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਇਕਬਾਲ ਸਿੰਘ ਨੂੰ ਟੱਕਰ ਮਾਰੀ, ਜਿਸ ਨਾਲ ਉਸਨੂੰ ਕਾਫ਼ੀ ਸੱਟਾਂ ਲੱਗੀਆਂ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।