ਜ਼ੇਰੇ ਇਲਾਜ ਨੌਜਵਾਨ ਦੀ ਮੌਤ, ਪਰਿਵਾਰ ਵੱਲੋਂ ਪ੍ਰਦਰਸ਼ਨ
ਇਥੋਂ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ 17 ਸਾਲਾਂ ਨੌਜਵਾਨ ਚੇਤਨ ਵਾਸੀ ਖੰਨਾ ਦੀ ਅੱਜ ਮੌਤ ਹੋ ਗਈ। ਪਰਿਵਾਰ ਵੱਲੋਂ ਹਸਪਤਾਲ ਦੇ ਡਾਕਟਰਾਂ ’ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਇਆ ਗਿਆ ਹੈ। ਨੌਜਵਾਨ ਦੀ ਮੌਤ ’ਤੇ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਨੇ ਹਸਪਤਾਲ ਦੇ ਬਾਹਰ ਲਾਸ਼ ਰੱਖ ਕੇ ਰੋਸ ਮੁਜ਼ਾਹਰਾ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਹਸਪਤਾਲ ਨੂੰ ਬੰਦ ਕਰਨ ਦੀ ਮੰਗ ਕੀਤੀ ਜਿਸ ਨਾਲ ਸੰਘਣੇ ਇਲਾਕੇ ਵਿਚ ਆਵਾਜਾਈ ਠੱਪ ਹੋ ਗਈ ਅਤੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।
ਘਟਨਾ ਦਾ ਪਤਾ ਲੱਗਣ ਤੇ ਥਾਣਾ ਸਿਟੀ-2 ਦੇ ਮੁਖੀ ਗੁਰਮੀਤ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਲੋਕਾਂ ਨੂੰ ਸ਼ਾਂਤ ਕੀਤਾ। ਜਾਣਕਾਰੀ ਅਨੁਸਾਰ ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੇ ਪਿਤਾ ਵੀਰਪਾਲ ਅਤੇ ਮਾਤਾ ਨੀਤੂ ਨੇ ਦੱਸਿਆ ਕਿ ਚੇਤਨ ਦੀ ਸਿਹਤ ਸਹੀ ਸੀ, ਅਚਾਨਕ ਉਸ ਦੀ ਛਾਤੀ ਵਿਚ ਤਕਲੀਫ਼ ਹੋਈ ਤਾਂ ਉਹ ਪੈਦਲ ਹੀ ਹਸਪਤਾਲ ਦਵਾਈ ਲੈਣ ਚਲਾ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ ਅਤੇ ਕੋਈ ਟੀਕਾ ਲਗਾ ਦਿੱਤਾ। ਬਾਅਦ ਵਿੱਚ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਜਾਂ ਚੰਡੀਗੜ੍ਹ ਰੈਫ਼ਰ ਕਰਨ ਦੀ ਸਿਫਾਰਸ਼ ਕੀਤੀ। ਪਰਿਵਾਰ ਨੇ ਦੋਸ਼ ਲਾਇਆ ਕਿ ਟੀਕਾ ਲਾਉਣ ਵੇਲੇ ਕਥਿਤ ਗਲਤ ਦਵਾਈ ਦਿੱਤੀ ਗਈ ਹੇ, ਜਿਸ ਕਾਰਨ ਲੜਕੇ ਦੀ ਹਾਲਤ ਵਿਗੜੀ ਤੇ ਡਾਕਟਰਾਂ ਨੇ ਉਸ ਨੂੰ ਕਿਸੇ ਹੋਰ ਹਸਪਤਾਲ ਲਿਜਾਣ ਲਈ ਕਿਹਾ। ਦੂਜੇ ਪਾਸੇ ਇਸ ਮੌਤ ਸਬੰਧੀ ਹਸਪਤਾਲ ਪ੍ਰਬੰਧਕਾਂ ਨੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ: ਐੱਸ ਐੱਚ ਓ
ਥਾਣਾ ਸਿਟੀ-2 ਦੇ ਐੱਸਐੱਚਓ ਗੁਰਮੀਤ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਹਸਪਤਾਲ ਦੇ ਡਾਕਟਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਉਸ ਦੀ ਗੰਭੀਰ ਹਾਲਤ ਦੌਰਾਨ ਹੀ ਹਸਪਤਾਲ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਨੇ ਪਰਿਵਾਰ ਨੂੰ ਅੱਗੇ ਕਿਸੇ ਹੋਰ ਹਸਪਤਾਲ ਲਿਜਾਣ ਲਈ ਪਹਿਲਾਂ ਹੀ ਬੋਲ ਦਿੱਤਾ ਸੀ। ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਪੋਸਟ ਮਾਰਟਮ ਰਿਪਰੋਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।