ਗਊ ਮਾਸ ਸਪਲਾਈ ਕਰਨ ਦੇ ਦੋਸ਼ ਹੇਠ ਨੌਜਵਾਨ ਕਾਬੂ
ਨੂਰਵਾਲਾ ਰੋਡ ਦੀ ਆਨੰਦ ਵਿਹਾਰ ਕਲੋਨੀ ਵਿੱਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਗਊ ਰਕਸ਼ਾ ਦਲ ਦੀ ਟੀਮ ਨੇ ਇੱਕ ਨੌਜਵਾਨ ਨੂੰ ਘਰਾਂ ਵਿੱਚ ਗਊ ਮਾਸ ਸਪਲਾਈ ਕਰਨ ਦੇ ਦੋਸ਼ ਹੇਠ ਫੜ ਲਿਆ। ਗਊ ਰਕਸ਼ਾ ਦਲ ਦੇ ਵਿਸ਼ਾਲ ਠਾਕੁਰ ਨੇ ਆਪਣੇ ਸਾਥੀਆਂ ਨਾਲ ਉਕਤ ਨੌਜਵਾਨ ਦੇ ਕਬਜ਼ੇ ਵਿੱਚੋਂ 8 ਤੋਂ 10 ਕਿੱਲੋ ਮਾਸ ਬਰਾਮਦ ਕੀਤਾ ਹੈ। ਰਕਸ਼ਾ ਦਲ ਦੇ ਮੈਂਬਰਾਂ ਨੇ ਨੌਜਵਾਨ ਦੀ ਕੁੱਟ-ਮਾਰ ਕੀਤੀ ਤੇ ਮਗਰੋਂ ਪੁਲੀਸ ਨੂੰ ਸੂਚਿਤ ਕੀਤਾ। ਖ਼ਬਰ ਮਿਲਣ ਮਗਰੋਂ ਥਾਣਾ ਮੇਹਰਬਾਨ ਦੀ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਨੇ ਨੌਜਵਾਨ ਨੂੰ ਹਿਰਾਸਤ ’ਚ ਲੈ ਕੇ ਮਾਸ ਦਾ ਸੈਂਪਲ ਟੈਸਟ ਲਈ ਭੇਜ ਦਿੱਤਾ ਹੈ।
ਵਿਸ਼ਾਲ ਠਾਕੁਰ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਇੱਕ ਘਰ ਵਿੱਚ ਮਾਸ ਸਪਲਾਈ ਕਰ ਕੇ ਪਰਤ ਰਿਹਾ ਸੀ, ਜਦੋਂ ਉਨ੍ਹਾਂ ਉਸ ਨੂੰ ਕਾਬੂ ਕਰ ਲਿਆ। ਉਨ੍ਹਾਂ ਉਕਤ ਘਰ ਵਿੱਚੋਂ ਵੀ ਲਿਫਾਫੇ ਵਿੱਚ ਪੈਕ ਕੀਤਾ ਮਾਸ ਬਰਾਮਦ ਕੀਤਾ ਹੈ। ਨੌਜਵਾਨ ਨੇ ਦੱਸਿਆ ਕਿ ਉਹ ਫੀਲਡਗੰਜ ਇਲਾਕੇ ’ਚੋਂ ਮਾਸ ਸਪਲਾਈ ਕਰਦਾ ਹੈ। ਵਿਸ਼ਾਲ ਠਾਕੁਰ ਨੇ ਦੱਸਿਆ ਕਿ ਉਕਤ ਨੌਜਵਾਨ ਪਿਛਲੇ ਪੰਜ ਸਾਲਾਂ ਤੋਂ ਇਲਾਕੇ ਵਿੱਚ ਮਾਸ ਸਪਲਾਈ ਕਰ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਥਾਣਾ ਮਿਹਰਬਾਨ ਦੇ ਏਐੱਸਆਈ ਰਾਧੇ ਸ਼ਿਆਮ ਨੇ ਦੱਸਿਆ ਕਿ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਮਾਸ ਕਿੱਥੋਂ ਲਿਆਉਂਦਾ ਹੈ ਅਤੇ ਮਾਸ ਨੂੰ ਵੀ ਜਾਂਚ ਲਈ ਲੈਬ ਵਿੱਚ ਭੇਜਿਆ ਜਾਵੇਗਾ।