ਯੁਵਕ ਤੇ ਵਿਰਾਸਤੀ ਮੇਲਾ: ਭੰਗੜੇ ਦੀਆਂ ਪੇਸ਼ਕਾਰੀਆਂ ਨੇ ਹਾਜ਼ਰੀਨ ਨੱਚਣ ਲਾਏ
ਪੰਜਾਬ ਯੂਨੀਵਰਸਟਿੀ ਯੁਵਕ ਅਤੇ ਵਿਰਾਸਤੀ ਮੇਲੇ ਦੇ ਤੀਜੇ ਦਿਨ ਐੱਸਸੀਡੀ ਸਰਕਾਰੀ ਕਾਲਜ ਲੁਧਿਆਣਾ ਵਿਦਿਆਰਥੀਆਂ ਨੇ ਭੰਗੜੇ ਦੀਆਂ ਪੇਸ਼ਕਾਰੀਆਂ ਕਰਕੇ ਹਾਲ ਵਿੱਚ ਮੌਜੂਦ ਵਿਦਿਆਰਥੀਆਂ ਅਤੇ ਹੋਰਨਾਂ ਨੂੰ ਵੀ ਨੱਚਣ ਲਈ ਮਜਬੂਰ ਕਰ ਦਿੱਤਾ। ਅੱਜ ਦੇ ਸਮਾਗਮ ਵਿੱਚ ਵਿਧਾਇਕ ਹਲਕਾ ਆਤਮ ਨਗਰ ਕੁਲਵੰਤ ਸਿੰਘ ਸਿੱਧੂ, ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਡੀਨ ਕਾਲਜ ਵਿਕਾਸ ਪ੍ਰੀਸ਼ਦ, ਪੰਜਾਬ ਯੂਨੀਵਰਸਿਟੀ ਡਾ. ਰਵੀ ਇੰਦਰ ਸਿੰਘ ਅਤੇ ਗੌਰਵ ਵੀਰ ਸੋਹਲ ਨੇ ਵਿਸ਼ੇਸ਼ ਤੌਰ ’ਤੇ ਸਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਗੁਰਸ਼ਰਨਜੀਤ ਸਿੰਘ ਸੰਧੂ ਨੇ ਸਾਰਿਆਂ ਦਾ ਰਸਮੀ ਸਵਾਗਤ ਕੀਤਾ ਅਤੇ ਯੁਵਕ ਮੇਲੇ ਸਬੰਧੀ ਸੰਖੇਪ ਜਾਣਕਾਰੀ ਸਾਂਝੀ ਕੀਤੀ।
ਵਿਧਾਇਕ ਸਿੱਧੂ ਨੇ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ’ਤੇ ਕੇਂਦ੍ਰਿਤ ਰਹਿਣ ਅਤੇ ਨਸ਼ਿਆਂ ਵਿਰੁੱਧ ਜੰਗ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਯੁਵਕ ਮੇਲੇ ਦੀ ਸਫਲਤਾ ਵਿੱਚ ਸਹਿਯੋਗ ਦੇਣ ਲਈ ਮਧੋਕ ਇੰਟਰਪ੍ਰਾਈਜਿਜ਼ ਦੇ ਬਿਕਰਮਜੀਤ ਸਿੰਘ ਮਧੋਕ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਯੁਵਕ ਅਤੇ ਵਿਰਾਸਤੀ ਮੇਲੇ ਦੇ ਅੱਜ ਤੀਜੇ ਦਿਨ ਚਾਰ ਥਾਵਾਂ ’ਤੇ ਮੁਕਾਬਲੇ ਕਰਵਾਏ ਗਏ, ਜਿਸ ਨਾਲ ਕੈਂਪਸ ਰੰਗ, ਤਾਲ ਅਤੇ ਉਤਸ਼ਾਹ ਨਾਲ ਭਰ ਗਿਆ। ਦਿਨ ਦਾ ਮੁੱਖ ਆਕਰਸ਼ਣ ਭੰਗੜਾ ਪ੍ਰਦਰਸ਼ਨ ਸੀ। ਮੁਕਾਬਲੇ ਵਿੱਚ ਵੱਖ ਵੱਖ ਕਾਲਜਾਂ ਦੀਆਂ ਭੰਗੜੇ ਦੀਆਂ ਟੀਮਾਂ ਨੇ ਇੱਕ-ਦੂਜੇ ਨੂੰ ਤਕੜੀ ਟੱਕਰ ਦਿੱਤੀ। ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਤੋਂ ਖੁਸ਼ ਹੋਏ ਦਰਸ਼ਕਾਂ ਦੀਆਂ ਤਾੜੀਆਂ ਦੀ ਆਵਾਜ਼ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ। ਇਸ ਤੋਂ ਇਲਾਵਾ ਮਾਈਮ ਐਕਟ, ਰੂਹਾਨੀ ਕਵੀਸ਼ਰੀ, ਕਲੀ ਅਤੇ ਵਾਰ ਦੇ ਗਾਇਨ, ਕੁਇਜ਼, ਰਚਨਾਤਮਕ ਲੇਖਣ ਅਤੇ ਸੁੰਦਰ ਲਿਖਾਈ ਮੁਕਾਬਲੇ ਵੀ ਚੰਗੀ ਛਾਪ ਛੱਡ ਗਏ। ਫੁਲਕਾਰੀ, ਬਾਗ, ਬੁਣਾਈ, ਕਰੋਸ਼ੀਆ, ਮਹਿੰਦੀ ਡਿਜ਼ਾਈਨ ਅਤੇ ਕਰਾਸ-ਸਟਿਚ ਮੁਕਾਬਲਿਆਂ ਨੇ ਪੁਰਾਣੀ ਹਸਤ ਕਲਾ ਨੂੰ ਮੁੜ ਸੁਰਜੀਤ ਕਰ ਦਿੱਤਾ। ਤੀਜੇ ਦਿਨ ਹੋਏ ਵੱਖ ਵੱਖ ਮੁਕਾਬਲਿਆਂ ਵਿੱਚੋਂ ਜਿਨ੍ਹਾਂ ਮੁਕਾਬਲਿਆਂ ਦੇ ਨਤੀਜੇ ਮਿਲੇ ਹਨ ਉਨ੍ਹਾਂ ਵਿੱਚੋਂ ਵਾਰ ਅੇ ਕਵੀਸ਼ਰੀ ’ਚ ਏਐਸ ਕਾਲਜ ਖੰਨਾ, ਮਹਿੰਦੀ ਡਿਜ਼ਾਈਨ ’ਚ ਸਰਕਾਰੀ ਕਾਲਜ ਲੜਕੀਆਂ, ਕਹਾਣੀ ਲਿਖਣ ਮੁਕਾਬਲੇ ’ਚ ਸਰਕਾਰੀ ਕਾਲਜ ਈਸਟ, ਲੇਖ ਲਿਖਣ ’ਚ ਪੀਯੂ ਰੀਜ਼ਨਲ ਸੈਂਟਰ, ਕਵਿਤਾ ਲਿਖਣ ’ਚ ਏਐਸ ਕਾਲਜ ਖੰਨਾ, ਬੁਣਾਈ ਵਿੱਚ ਸਰਕਾਰੀ ਕਾਲਜ ਲੜਕੀਆਂ, ਕਰਾਸ-ਸਟਿੱਚ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਮਾਡਲ ਟਾਊਨ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।