ਵਿਸ਼ਵ ਮੱਛੀ ਪਾਲਣ ਦਿਵਸ ਸਮਾਗਮ ਸਮਾਪਤ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਫਿਸ਼ਰੀਜ਼ ਕਾਲਜ ਵਿੱਚ ਵਿਸ਼ਵ ਮੱਛੀ ਪਾਲਣ ਦਿਵਸ ਮੌਕੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਉਲੀਕੀਆਂ ਗਈਆਂ। ਇਸ ਵਿੱਚ ਮੱਛੀਆਂ ਅਤੇ ਝੀਂਗਾ ਦੇ ਮੁੱਲ-ਵਧਾਊ ਉਤਪਾਦਾਂ, ਮੱਛੀ/ਝੀਂਗਾ ਵਿਅੰਜਨ ਮੁਕਾਬਲਾ, ਮੱਛੀ ਪ੍ਰਦਰਸ਼ਨੀ ਅਤੇ ਮੱਛੀ ਬੱਚ ਦੀ ਤਲਾਅ ਵਿੱਚ ਸਟਾਕਿੰਗ ਸ਼ਾਮਲ ਸਨ। ਦੂਜੇ ਦਿਨ ਦੇ ਜਸ਼ਨ ਦੀ ਸ਼ੁਰੂਆਤ ਫਿਸ਼ਰੀਜ਼ ਕਾਲਜ ਦੇ ਇੰਸਟਰੱਕਸ਼ਨਲ ਅਤੇ ਖੋਜ ਫਾਰਮ ਵਿਖੇ ਇੱਕ ਮੱਛੀ ਦੇ ਤਲਾਅ ਵਿੱਚ ਮੱਛੀ ਦੇ ਬੱਚ ਦੀ ਸਟਾਕਿੰਗ ਨਾਲ ਹੋਈ। ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ’ਚ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਫਿਸ਼ਰੀਜ਼ ਕਾਲਜ ਦੇ ਸਾਬਕਾ ਡੀਨ ਡਾ. ਆਸ਼ਾ ਧਵਨ ਵੀ ਹਾਜ਼ਰ ਰਹੇ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੀ ਏ ਯੂ, ਬੀ ਸੀ ਐੱਮ ਆਰਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪੁਲੀਸ ਡੀ ਏ ਵੀ ਪਬਲਿਕ ਸਕੂਲ ਅਤੇ ਸ਼ਿਫਾਲੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਫਿਸ਼ਰੀਜ਼ ਕਾਲਜ ਦਾ ਦੌਰਾ ਕੀਤਾ। ਉਹ ਮੈਡੀਕਲ ਵਿਸ਼ਿਆਂ ਨਾਲ 10 2 ਪੂਰਾ ਕਰਨ ਤੋਂ ਬਾਅਦ ਫਿਸ਼ਰੀਜ਼ ਖੇਤਰ ਵਿੱਚ ਸੰਭਾਵੀ ਵਿਦਿਅਕ ਪ੍ਰੋਗਰਾਮਾਂ ਬਾਰੇ ਜਾਣਕਾਰੀ ਹਾਸਲ ਕਰਕੇ ਬਹੁਤ ਉਤਸ਼ਾਹਿਤ ਹੋਏ। ਇਸ ਮੌਕੇ ‘ਜਲ ਸਰੋਤਾਂ ਦੀ ਸੰਭਾਲ ਕਰੋ - ਜੀਵਨ ਬਚਾਓ’ ਥੀਮ ’ਤੇ ਪੋਸਟਰ ਮੇਕਿੰਗ ਮੁਕਾਬਲੇ ਲਈ ਫਿਸ਼ਰੀਜ਼ ਕਾਲਜ ਦੇ 55 ਵਿਦਿਆਰਥੀਆਂ ਨੇ ਹਿੱਸਾ ਲਿਆ, ਜਦੋਂਕਿ ਮੱਛੀ ਵਿਅੰਜਨ ਮੁਕਾਬਲੇ ਵਿੱਚ ਵੈਟਰਨਰੀ ਯੂਨੀਵਰਸਿਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬ ਖੇਤੀਬਾੜੀ ਪ੍ਰਬੰਧਨ ਅਤੇ ਵਿਸਥਾਰ ਸਿਖਲਾਈ ਸੰਸਥਾ ਲੁਧਿਆਣਾ ਤੋਂ ਦਸ 10 ਐਂਟਰੀਆਂ ਸ਼ਾਮਲ ਸਨ। ਜੇਤੂਆਂ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
