ਪੀਏਯੂ ’ਚ ਖੋਜ ਤੇ ਪਾਸਾਰ ਮਾਹਿਰਾਂ ਦੀ ਵਰਕਸ਼ਾਪ ਸਮਾਪਤ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਹਾੜੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਾਸਾਰ ਮਾਹਿਰਾਂ ਦੀ ਦੋ ਦਿਨਾਂ ਵਰਕਸ਼ਾਪ ਅੱਜ ਇੱਥੇ ਸਮਾਪਤ ਹੋ ਗਈ। ਖੇਤੀਬਾੜੀ ਵਿਭਾਗ ਅਤੇ ਪੀਏਯੂ ਦੇ ਵਿਗਿਆਨੀ, ਪਸਾਰ ਮਾਹਿਰ ਅਤੇ ਅਧਿਕਾਰੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਵਰਕਸ਼ਾਪ ਵਿੱਚ ਹਾੜੀ ਦੀਆਂ ਫ਼ਸਲਾਂ ਦੀਆਂ ਨਵੀਆਂ ਕਿਸਮਾਂ, ਖੇਤਾਂ ਵਿੱਚ ਚੱਲ ਰਹੇ ਤਜਰਬਿਆਂ, ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਉੱਪਰ ਭਰਪੂਰ ਚਰਚਾ ਹੋਈ। ਇਸ ਤੋਂ ਇਲਾਵਾ ਉਤਪਾਦਨ ਤਕਨੀਕਾਂ ਅਤੇ ਸੁਰੱਖਿਆ ਤਕਨਾਲੋਜੀ ਦੀਆਂ ਸਿਫ਼ਾਰਸ਼ਾਂ ਬਾਰੇ ਨਿੱਠ ਕੇ ਵਿਚਾਰ-ਚਰਚਾ ਵੀ ਹੋਈ।
ਵਰਕਸ਼ਾਪ ਦੇ ਦੂਸਰੇ ਦਿਨ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨਾਲ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰ ’ਤੇ ਸ਼ੈਸਨ ਵਿਚ ਸ਼ਿਰਕਤ ਕੀਤੀ। ਡਾ. ਢੱਟ ਨੇ ਕਿਹਾ ਕਿ ਖੇਤੀ ਖੋਜ ਇਕ ਨਿਰੰਤਰ ਗਤੀਮਾਨ ਰਹਿਣ ਵਾਲਾ ਵਰਤਾਰਾ ਹੈ। ਉਨ੍ਹਾਂ ਪਸਾਰ ਕਰਮੀਆਂ ਨੂੰ ਸੱਦਾ ਦਿੱਤਾ ਕਿ ਉਹ ਖੇਤੀ ਨਾਲ ਸੰਬੰਧਿਤ ਪਰਿਵਾਰਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨੇੜਿਉਂ ਜਾਣਨ ਅਤੇ ਉਨ੍ਹਾਂ ਦੀਆਂ ਰਾਵਾਂ ਨੂੰ ਮਹੱਤਵ ਦੇਣ। ਡਾ. ਢੱਟ ਨੇ ਖੇਤੀ ਵਿਭਿੰਨਤਾ ਅਤੇ ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਅਤੇ ਮੁੱਲਵਾਧੇ ਲਈ ਮਾਹਿਰਾਂ ਨੂੰ ਵਧੇਰੇ ਯੋਗ ਢੰਗ ਨਾਲ ਆਪਣੀ ਰਾਇ ਕਿਸਾਨਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਡਾ. ਮੱਖਣ ਸਿੰਘ ਭੁੱਲਰ ਨੇ ਆਪਣੀ ਟਿੱਪਣੀ ਵਿੱਚ ਇਸ ਵਰਕਸ਼ਾਪ ਨੂੰ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵਿਚਕਾਰ ਸਾਂਝ ਦਾ ਪ੍ਰਤੀਕ ਕਿਹਾ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਵਰਕਸ਼ਾਪ ਤੋਂ ਪ੍ਰਾਪਤ ਸਿੱਟਿਆਂ ਅਤੇ ਖੇਤੀ ਤਕਨਾਲੋਜੀ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਪਸਾਰ ਮਾਹਿਰ ਸਿਰਤੋੜ ਯਤਨ ਕਰਨਗੇ।
ਜ਼ਿਕਰਯੋਗ ਹੈ ਕਿ ਇਸ ਦੋ ਦਿਨਾਂ ਵਰਕਸ਼ਾਪ ਵਿੱਚ ਖੋਜ ਖੇਤਰਾਂ ਦੇ ਦੌਰੇ ਤੋਂ ਬਿਨਾਂ ਤਿੰਨ ਤਕਨੀਕੀ ਸੈਸ਼ਨਾਂ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਖੇਤੀ ਨਾਲ ਜੁੜੇ ਮੁੱਦਿਆ ਅਤੇ ਆਰਥਿਕਤਾ ਬਾਰੇ ਵੱਖੋ-ਵੱਖਰੇ ਨੁਕਤਿਆਂ ਤੋਂ ਆਪਣੀਆਂ ਪੇਸ਼ਕਾਰੀਆਂ ਅਤੇ ਵਿਚਾਰ ਦਿੱਤੇ। ਇਨ੍ਹਾਂ ਤਕਨੀਕੀ ਸੈਸ਼ਨਾਂ ਵਿੱਚ ਖੇਤੀ ਇੰਜਨੀਅਰਿੰਗ, ਜੰਗਲਾਤ, ਮਾਈਕ੍ਰੋਬਾਇਆਲੋਜੀ ਅਤੇ ਖੇਤੀ ਆਰਥਿਕਤਾ ਸਬੰਧੀ ਨੁਕਤਿਆਂ ਉੱਪਰ ਨਿੱਠ ਕੇ ਵਿਚਾਰ ਚਰਚਾ ਹੋਈ। ਵਰਕਸ਼ਾਪ ਦੇ ਸਮਾਪਤੀ ਸਮਾਗਮ ਦੀ ਸਮੁੱਚੀ ਕਾਰਵਾਈ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਨੇ ਬਾਖੂਬੀ ਚਲਾਈ। ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਸਮੂਹ ਮਾਹਿਰਾਂ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ।