ਮਜ਼ਦੂਰਾਂ ਵੱਲੋਂ ਇਨਸਾਫ਼ ਪ੍ਰਾਪਤੀ ਲਈ ਥਾਣੇ ਅੱਗੇ ਮੁਜ਼ਾਹਰਾ
ਕਾਰਖਾਨਾ ਮਾਲਕਾਂ ਵੱਲੋਂ ਮਜ਼ਦੂਰਾਂ ਦੇ ਪੈਸੇ ਹੜੱਪਣ, ਮਜ਼ਦੂਰਾਂ ਦੀ ਕੁੱਟਮਾਰ ਕਰਨ, ਚੋਰੀ ਦਾ ਝੂਠਾ ਇਲਜ਼ਾਮ ਲਗਾਉਣ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਮਜ਼ਦੂਰਾਂ ਦੇ ਘਰਾਂ ’ਤੇ ਛਾਪੇਮਾਰੀ ਕਰਨ, ਗਰਭਵਤੀ ਔਰਤ ਨੂੰ ਧੱਕੇ ਮਾਰਨ ਅਤੇ ਨਾਬਾਲਗ ਨੂੰ ਹਿਰਾਸਤ ’ਚ ਲੈਣ ਖ਼ਿਲਾਫ਼ ਮਹਾਤਮਾ ਕਲੋਨੀ ਦੇ ਵਸਨੀਕਾਂ ਵੱਲੋਂ ਟਿੱਬਾ ਥਾਣੇ ਅੱਗੇ ਰੋਹ ਭਰਪੂਰ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਟਿੱਬਾ ਰੋਡ ਸਥਿਤ ਇੱਕ ਫੈਕਟਰੀ ਦੇ ਮਾਲਕਾਂ ਦੁਆਰਾ ਸਤਾਰਾਂ ਮਜ਼ਦੂਰਾਂ ਦਾ ਤਕਰੀਬਨ ਡੇਢ ਲੱਖ ਰੁਪਇਆ ਦੱਬ ਲਿਆ ਗਿਆ ਹੈ ਅਤੇ 17 ਸਤੰਬਰ ਨੂੰ ਮਜ਼ਦੂਰਾਂ ਨੂੰ ਬਹਾਨੇ ਨਾਲ ਫੈਕਟਰੀ ਬੁਲਾ ਕੇ ਇੱਕ ਮਜ਼ਦੂਰ ਨਾਲ ਕੁੱਟ ਮਾਰ ਕੀਤੀ ਗਈ ਹੈ। ਇਸ ਮਾਮਲੇ ਬਾਰੇ ਮਜ਼ਦੂਰਾਂ ਨੇ ਟੈਕਸਟਾਇਲ ਹੌਜਰੀ ਕਾਮਗਾਰ ਯੂਨੀਅਨ ਕੋਲ਼ ਪਹੁੰਚ ਕੀਤੀ ਜਿਸਤੋਂ ਬਾਅਦ ਟਿੱਬਾ ਥਾਣੇ ਦਰਖਾਸਤ ਦਿੱਤੀ ਗਈ। ਮਾਲਕਾਂ ਵੱਲੋਂ ਵੀ ਉਲਟਾ ਮਜ਼ਦੂਰਾਂ ਖ਼ਿਲਾਫ਼ ਕੁੱਟਮਾਰ ਕਰਨ ਅਤੇ ਦੋ ਤੋਲਾ ਸੋਨੇ ਦੀ ਚੇਨ ਖੋਹਣ ਦੀ ਝੂਠੀ ਦਰਖ਼ਾਸਤ ਦਿੱਤੀ ਗਈ।
ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ ਪ੍ਰਸਾਸ਼ਨ ਦੁਆਰਾ ਮਾਲਕਾਂ ਤੇ ਕੋਈ ਕਾਰਵਾਈ ਕਰਨ ਦੀ ਬਜਾਏ ਮਜ਼ਦੂਰਾਂ ਦੇ ਘਰਾਂ ਤੇ ਰਾਤ ਨੂੰ ਛਾਪਮਾਰੀ ਕੀਤੀ ਗਈ। ਅਗਲੇ ਦਿਨ ਪੁਲੀਸ ਦੁਆਰਾ ਇੱਕ ਮਜ਼ਦੂਰ ਦੇ ਘਰ ਜਾ ਕੇ ਔਰਤਾਂ ਨਾਲ ਧੱਕਾਮੁੱਕੀ ਕੀਤੀ ਗਈ ਜਿਸ ਵਿੱਚ ਇੱਕ ਗਰਭਵਤੀ ਔਰਤ ਵੀ ਸੀ ਅਤੇ ਉਸ ਮਜਦੂਰ ਦੇ 17 ਸਾਲਾ ਭਰਾ ਨੂੰ ਚੁੱਕ ਕੇ ਲੈ ਗਈ। ਇਸਤੋਂ ਬਾਅਦ ਪੂਰੇ ਮੁੱਹਲੇ ਵਿੱਚ ਕਾਰਖ਼ਾਨਾ ਮਾਲਿਕ ਦੀ ਧੱਕੇਸ਼ਾਹੀ ਅਤੇ ਪੁਲੀਸ ਪ੍ਰਸਾਸ਼ਨ ਦੇ ਪੱਖਪਾਤੀ ਰਵੱਈਏ ਖ਼ਿਲਾਫ਼ ਰੋਸ ਫੈਲ ਗਿਆ ਅਤੇ ਇਲਾਕੇ ਦੇ ਲੋਕਾਂ ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਸਨ ਨੇ ਟਿੱਬਾ ਠਾਣੇ ਅੱਗੇ ਰੋਸ ਮੁਜ਼ਾਹਰਾ ਕੀਤਾ।
ਮਜ਼ਦੂਰਾਂ ਨੇ ਮੰਗ ਕੀਤੀ ਕਿ ਮਾਲਕਾਂ ਦੁਆਰਾ ਮਜ਼ਦੂਰਾਂ ਦੇ ਦੱਬੇ ਪੈਸੇ ਵਾਪਸ ਦਿੱਤੇ ਜਾਣ, ਦੋਸ਼ੀ ਮਾਲਕਾਂ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ, ਮਜ਼ਦੂਰਾਂ ਖ਼ਿਲਾਫ਼ ਝੂਠੀ ਦਰਖਾਸਤ ਰੱਦ ਕੀਤੀ ਜਾਵੇ, ਮਜ਼ਦੂਰਾਂ ਦੇ ਘਰਾਂ ਤੇ ਛਾਪੇਮਾਰੀ ਕਰਨੀ ਬੰਦ ਕੀਤੀ ਜਾਵੇ ਅਤੇ ਗੈਰ ਕਨੂੰਨੀ ਤਰੀਕੇ ਨਾਲ ਛਾਪੇਮਾਰੀ ਕਰਨ ਅਤੇ ਔਰਤਾਂ ਨਾਲ ਧੱਕਾਮੁੱਕੀ ਕਰਨ ਵਾਲ਼ੇ ਪੁਦੀਸ ਮੁਲਾਜ਼ਮਾਂ ਅਤੇ ਕਾਰਖਾਨਾ ਮਾਲਿਕ ਦੇ ਗੁੰਡਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਜਗਦੀਸ਼ ਸਿੰਘ ਨੇ ਦੱਸਿਆ ਕਿ ਮਜ਼ਦੂਰਾਂ ਦੇ ਸੰਘਰਸ਼ ਅੱਗੇ ਝੁਕਦਿਆਂ ਪ੍ਰਸਾਸ਼ਨ ਵੱਲੋਂ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਲਈ ਇੱਕ ਦਿਨ ਦਾ ਸਮਾਂ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਉਪਰੋਕਤ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।