ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ
ਸਤਵਿੰਦਰ ਬਸਰਾ
ਲੁਧਿਆਣਾ, 8 ਮਾਰਚ
ਸ਼ਹਿਰ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਅੱਜ ਕੌਮਾਂਤਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਪੀਏਯੂ ਵਿੱਚ ਕਰਵਾਏ ਸਮਾਗਮ ਦੌਰਾਨ ਜਿੱਥੇ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਔਰਤਾਂ ਦਾ ਸਨਮਾਨ ਕੀਤਾ ਗਿਆ ਉੱਥੇ ਮਹਿਲਾ ਸਸ਼ਕਤੀਕਰਨ ’ਤੇ ਜ਼ੋਰ ਦਿੱਤਾ। ਸਮਾਗਮ ਵਿੱਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਦੇ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਸ਼ਾਮਿਲ ਹੋਏ। ਉਪ ਕੁਲਪਤੀ ਡਾ. ਸਤਿਬਰ ਸਿੰਘ ਗੋਸਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਮਹਿਲਾ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਵਿੱਚ ਮਹਿਲਾ ਸਸ਼ਕਤੀਕਰਨ ’ਤੇ ਇੱਕ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ।
ਖੰਨਾ (ਜੋਗਿੰਦਰ ਓਬਰਾਏ): ਇਥੋਂ ਦੇ ਏਐੱਸ ਕਾਲਜ ਫਾਰ ਵਿਮੈੱਨ ਵਿੱਚ ਕੌਮਾਂਤਰੀ ਮਹਿਲਾ ਦਿਵਸ ਪ੍ਰਿੰਸੀਪਲ ਰਣਜੀਤ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ। ਡਾ. ਗੋਲਡੀ ਗਰਗ ਨੇ ਵਿਦਿਆਰਥਣਾਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਿੰਮੀ ਬੱਤਾ ਇੰਟਰਨੈਸ਼ਨਲ ਕਰਾਟੇ ਕੋਚ ਨੇ ਵਿਦਿਆਰਥਣਾਂ ਨੂੰ ਆਤਮ ਰੱਖਿਆ ਦੇ ਗੁਰ ਦੱਸੇ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਚੈ ਡਾਇਮੰਡ, ਜਤਿੰਦਰ ਦੇਵਗਨ, ਰਾਜੇਸ਼ ਡਾਲੀ, ਕਵਿਤਾ ਗੁਪਤਾ ਨੇ ਸਿੰਮੀ ਬੱਤਾ ਦਾ ਸਨਮਾਨ ਕੀਤਾ।
ਲੁਧਿਆਣਾ (ਗੁਰਿੰਦਰ ਸਿੰਘ): ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਪੰਜ ਔਰਤਾਂ ਦਾ ਸਰਵੋਤਮ ਮਹਿਲਾ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। ਵਿਧਾਇਕ ਕੁਲਵੰਤ ਸਿੰਘ ਸਿੱਧੂ, ਸੰਸਥਾ ਦੀ ਚੇਅਰਪਰਸਨ ਕੁਲਵਿੰਦਰ ਕੌਰ ਗੋਗਾ, ਕਾਰਜਕਾਰੀ ਪ੍ਰਧਾਨ ਕਮਲੇਸ਼ ਜਾਂਗੜਾ ਅਤੇ ਕੌਂਸਲਰ ਸੋਹਣ ਸਿੰਘ ਗੋਗਾ ਦੀ ਅਗਵਾਈ ਵਿੱਚ ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ, ਆਰਕੇ ਸਿੱਧੂ ਪੀਸੀਐਸ, ਡਾ.ਗੁਰਸਿਮਰਨ ਕੌਰ ਐਮਬੀਬੀਐਸ, ਦਵਿੰਦਰ ਕੌਰ ਸੀਡੀਪੀੳ ਅਤੇ ਪ੍ਰਿੰਸੀਪਲ ਕਰਮਜੀਤ ਕੌਰ ਦਾ ਸਨਮਾਨ ਕੀਤਾ।
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਇੱਥੇ ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਵਿੱਚ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਅੱਜ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਕਾਲਜ ਡਾਇਰੈਕਟਰ ਡਾ. ਰਾਜੀਵ ਕੁਮਾਰ ਸਹਿਗਲ ਦੀ ਅਗਵਾਈ ਹੇਠ ਹੋਏ ਸਮਾਗਮ ਵਿੱਚ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਇਨਾਮਾਂ ਦੀ ਵੰਡ ਕੀਤੀ। ਉਨ੍ਹਾਂ ਨਾਲ ਐਡਵੋਕੇਟ ਰੋਮਾ ਬੇਰੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਡਾਇਰੈਕਟਰ ਸਹਿਗਲ ਨੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਣ, ਰੰਗੋਲੀ ਤੇ ਪੋਸਟਰ ਪੇਸ਼ਕਾਰੀ ਮੁਕਾਬਲੇ ਕਰਵਾਏ ਗਏ। ਭਾਸ਼ਣ ਮੁਕਾਬਲੇ ਵਿੱਚੋਂ ਮੁਸਕਾਨਪ੍ਰੀਤ ਕੌਰ ਨੇ ਪਹਿਲਾ ਸਥਾਨ, ਪ੍ਰਭਜੋਤ ਕੌਰ ਨੇ ਦੂਸਰਾ ਸਥਾਨ ਤੇ ਨੈਨਾ ਮਸੀਹ ਨੇ ਤੀਸਰਾ ਸਥਾਨ ਹਾਸਲ ਕੀਤਾ। ਰੰਗੋਲੀ ਵਿੱਚੋਂ ਪਹਿਲੇ ਸਥਾਨ ’ਤੇ ਗੁਰਮਨਦੀਪ ਕੌਰ, ਭੁਪਿੰਦਰ ਕੌਰ ਤੇ ਜਸ਼ਨਦੀਪ ਕੌਰ ਰਹੀਆਂ ਜਦਕਿ ਦੂਸਰੇ ਸਥਾਨ ’ਤੇ ਗਗਨਦੀਪ ਕੌਰ, ਗੁਰਮੀਤ ਕੌਰ ਅਤੇ ਪਰਨੀਤ ਕੌਰ ਸਨ।
ਰਾੜਾ ਸਾਹਿਬ ਸਕੂਲ ’ਚ ਮਹਿਲਾ ਦਿਵਸ ਮਨਾਇਆ
ਪਾਇਲ (ਦੇਵਿੰਦਰ ਸਿੰਘ ਜੱਗੀ): ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਹਸਪਤਾਲ ਅਤੇ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਵਿੱਚ ਡਾਕਟਰਾਂ ਅਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ ਅਤੇ ਪ੍ਰਿੰਸੀਪਲ ਡਾ. ਧੀਰਜ ਕੁਮਾਰ ਥਪਲਿਯਾਲ ਵੱਲੋਂ ਸਕੂਲ ਦੀਆਂ ਅਧਿਆਪਕਾਵਾਂ ਅਤੇ ਮਹਿਲਾ ਸੇਵਾ ਕਰਮਚਾਰੀਆਂ ਦੀਆਂ ਅਣਥੱਕ ਸੇਵਾਵਾਂ ਅਤੇ ਯਤਨਾਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਧਿਆਪਕਾ ਹਰਵੀਰ ਕੌਰ ਅਤੇ ਅਲੀਸ਼ਾ ਨੇ ਮਹਿਲਾਵਾਂ ਨੂੰ ਸਮਰਪਿਤ ਗੀਤ ਗਾ ਕੇ ਮਾਹੌਲ ਨੂੰ ਭਾਵਪੂਰਤ ਬਣਾ ਦਿੱਤਾ। ਅੰਤ ਵਿੱਚ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਅਧਿਆਪਕਾਵਾਂ ਨੂੰ ਇਸ ਦਿਵਸ ਦੀ ਵਧਾਈ ਦਿੱਤੀ।