ਪਰੋਂਠਿਆਂ ਦੀ ਰੇਹੜੀ ਲਗਾਉਣ ਨੂੰ ਲੈ ਕੇ ਔਰਤਾਂ ’ਚ ਹਥੋਪਾਈ
ਸਨਅਤੀ ਸ਼ਹਿਰ ਦੇ ਭਾਰਤ ਨਗਰ ਚੌਕ ਦੀ ਨਾਈਟ ਮਾਰਕੀਟ ਵਿੱਚ ਬੀਤੀ ਰਾਤ ਪਰੌਂਠਿਆਂ ਦੀ ਰੇਹੜੀ ਲਗਾਉਣ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ। ਦੋ ਔਰਤਾਂ ਰੇਹੜੀ ਲਗਾਉਣ ਦੀ ਗੱਲ ’ਤੇ ਆਪਸ ਵਿੱਚ ਉਲਝ ਗਈਆਂ। ਦੇਖਦੇ ਹੀ ਦੇਖਦੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ।
ਦੋਵੇਂ ਔਰਤਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਲੰਬਾ ਸਮਾਂ ਆਪਸ ਵਿੱਚ ਬਹਿਸਦੇ ਰਹੇ ਜਿਸ ਕਰਕੇ ਮੇਲ ਰੋਡ ’ਤੇ ਲੰਬਾ ਜਾਮ ਲੱਗ ਗਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ 5 ਦੀ ਪੁਲੀਸ ਮੌਕੇ ’ਤੇ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲੀਸ ਜਾਂਚ ਵਿੱਚ ਲੱਗੀ ਹੋਈ ਹੈ।
ਜਾਣਕਾਰੀ ਅਨੁਸਾਰ ਭਾਰਤ ਨਗਰ ਚੌਕ ਤੋਂ ਬੱਸ ਸਟੈਂਡ ਨੂੰ ਜਾਂਦੇ ਹੋਏ ਫਲਾਈਓਵਰ ਥੱਲੇ ਕਾਫ਼ੀ ਰੇਹੜੀਆਂ ਲਗੀਆਂ ਹਨ। ਪਹਿਲਾਂ ਇੱਥੇ ਸਿਰਫ਼ ਇੱਕ ਰੇਹੜੀ ਹੁੰਦੀ ਸੀ ਜਿਸ ਨੂੰ ਇੱਕ ਔਰਤ ਚਲਾਉਂਦੀ ਸੀ। ਬੀਤੀ ਰਾਤ ਰੇਹੜੀ ਲਗਾਉਣ ਦੀ ਥਾਂ ਕਰਕੇ ਹੀ ਸਭ ਤੋਂ ਪੁਰਾਣੀ ਰੇਹੜੀ ਲਗਾਉਣ ਵਾਲੀ ਔਰਤ ਨਾਲ ਇੱਕ ਹੋਰ ਔਰਤ ਦੀ ਬਹਿਸ ਹੋਈ। ਮਾਮਲਾ ਹੱਥੋਪਾਈ ’ਤੇ ਆ ਗਿਆ ਤੇ ਮੌਕੇ ’ਤੇ ਮੌਜੂਦ ਲੋਕਾਂ ਵਿੱਚ ਦਖ਼ਲ ਦੇ ਕੇ ਦੋਵੇਂ ਧਿਰਾਂ ਨੂੰ ਸ਼ਾਂਤ ਕੀਤਾ।