ਪਤੀ ਨਾਲ ਜਾ ਰਹੀ ਔਰਤ ਦਾ ਪਰਸ ਖੋਹ ਕੇ ਫ਼ਰਾਰ
ਘਰੋਂ ਸਕੂਟਰ ’ਤੇ ਪਤੀ ਨਾਲ ਖਰੀਦੋ-ਫਰੋਖਤ ਕਰਨ ਜਾ ਰਹੀ ਇਕ ਔਰਤ ਤੋਂ ਇਕ ਮੋਟਰਸਾਈਕਲ ਸਵਾਰ ਝਪਟਮਾਰ ਪਰਸ ਖੋਹ ਕੇ ਫ਼ਰਾਰ ਹੋ ਗਿਆ। ਪਰਸ ਵਿੱਚ ਆਈਫੋਨ ਤੋਂ ਇਲਾਵਾ ਘਰ ਦੀਆਂ ਚਾਬੀਆਂ ਤੇ ਕੁਝ ਨਕਦੀ ਸੀ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਦਾਖਾ ਦੇ ਏ ਐੱਸ ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਕਾਲਜ ਰੋਡ ਬੈਂਕ ਕਲੋਨੀ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਕਿ ਉਹ ਆਪਣੀ ਪਤਨੀ ਜਸਵੀਰ ਕੌਰ ਨਾਲ ਦੁਪਹਿਰ ਦੋ ਵਜੇ ਦੇ ਕਰੀਬ ਬਾਜ਼ਾਰ ਨੂੰ ਸਕੂਟਰ ’ਤੇ ਜਾ ਰਿਹਾ ਸੀ। ਹਾਲੇ ਇਹ ਦੋਵੇਂ ਆਪਣੇ ਘਰ ਤੋਂ ਥੋੜ੍ਹੀ ਦੂਰ ਹੀ ਪਹੁੰਚੇ ਸਨ ਕਿ ਮਗਰਲੇ ਪਾਸਿਓਂ ਇਕ ਸਪਲੈਂਡਰ ਮੋਟਰਸਾਈਕਲ ’ਤੇ ਆਏ ਅਣਪਛਾਤੇ ਨੌਜਵਾਨ ਨੇ ਜਸਵੀਰ ਕੌਰ ਦਾ ਪਰਸ ਖੋਹ ਲਿਆ ਅਤੇ ਫਰਾਰ ਹੋ ਗਿਆ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮ ਨੇ ਕਾਲੇ ਰੰਗ ਦੀ ਜੈਕੇਟ ਅਤੇ ਚਿੱਟੇ ਰੰਗ ਦੀ ਪੈਂਟ ਪਾਈ ਹੋਈ ਸੀ। ਉਨ੍ਹਾਂ ਦੱਸਿਆ ਕਿ ਪਰਸ ਵਿੱਚ ਨਕਦੀ ਤਾਂ ਜ਼ਿਆਦਾ ਨਹੀਂ ਸੀ ਪਰ ਆਈਫੋਨ ਤੇ ਘਰ ਦੀਆਂ ਚਾਬੀਆਂ ਜ਼ਰੂਰ ਪਰਸ ਵਿੱਚ ਸਨ। ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮ ਖ਼ਿਲਾਫ਼ ਸੁਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਬੀਐੱਨਐੱਸ ਦੀ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਹੈ। ਵਿਨੇ ਵਰਮਾ ਤੇ ਹੋਰ ਸ਼ਹਿਰ ਵਾਸੀਆਂ ਨੇ ਕਿਹਾ ਕਿ ਆਏ ਦਿਨ ਝਪਟਮਾਰੀ ਦੀਆਂ ਘਟਨਾਵਾਂ ਤੋਂ ਲੋਕ ਬਹੁਤ ਦੁਖੀ ਹਨ। ਪੁਲੀਸ ਨੂੰ ਚਾਹੀਦਾ ਹੈ ਇਸ ਘਟਨਾ ਵਾਲੇ ਮਾਰਗ ’ਤੇ ਲੱਗੇ ਸਾਰੇ ਸੀਸੀਟੀਵੀ ਕੈਮੇਰੇ ਚੈੱਕ ਕਰਕੇ ਮੁਲਜ਼ਮ ਦੀ ਪਛਾਣ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ।
