ਤੇਜ਼ ਰਫਤਾਰ ਕਾਰ ਨੇ ਔਰਤ ਨੂੰ ਦਰੜਿਆ; ਮੌਕੇ ’ਤੇ ਮੌਤ
ਈਸ਼ਰ ਨਗਰ ਵਿੱਚ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਬਾਹਰ ਆਪਣੀ ਧੀ ਦੀ ਉਡੀਕ ਕਰਨ ਲਈ ਬੈਠੀ ਇੱਕ ਔਰਤ ਤੇਜ਼ ਰਫ਼ਤਾਰ ਕਾਰ ਨੇ ਦਰੜ ਦਿੱਤਾ ਜਿਸ ਕਾਰਨ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਤਿਆਦੇਵੀ (60) ਵਜੋਂ ਹੋਈ ਹੈ। ਥਾਣਾ ਸਦਰ ਅਧੀਨ ਚੌਕੀ ਮਰਾਡੋਂ ਦੀ ਪੁਲੀਸ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲੀਸ ਨੇ ਇਸ ਮਾਮਲੇ ਵਿੱਚ ਡਰਾਈਵਰ ਦਾ ਪਤਾ ਲਗਾ ਲਿਆ ਹੈ ਅਤੇ ਉਸ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਡਰਾਈਵਰ ਦੀ ਪਛਾਣ ਅਮਰ ਸਿੰਘ ਵਾਸੀ ਗੋਬਿੰਦ ਸਿੰਘ ਨਗਰ ਵਜੋਂ ਹੋਈ ਹੈ, ਜੋ ਕਿ ਮੌਕੇ ਤੋਂ ਫਰਾਰ ਹੋ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਲਾਸ਼ ਦਾ ਸਸਕਾਰ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਸਤਿਆਦੇਵੀ ਦੀ ਧੀ ਅਮਨਦੀਪ ਕੌਰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਵਿੱਚ ਪੁਲੀਸ ਭਰਤੀ ਦੇ ਲਈ ਫਿਜ਼ੀਕਲ ਕੋਚਿੰਗ ਲਈ ਆਉਂਦੀ ਸੀ। ਉਹ ਰੋਜ਼ਾਨਾ ਐਜੂਕੇਸ਼ਨ ਟਰੱਸਟ ਦੇ ਬਾਹਰ ਬੈਠਦੀ ਸੀ ਅਤੇ ਉਸਦੀ ਧੀ ਕੋਚਿੰਗ ਲਈ ਅੰਦਰ ਜਾਂਦੀ ਸੀ। ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਉਹ ਆਪਣੀ ਧੀ ਨੂੰ ਲੈ ਕੇ ਚਲੀ ਜਾਂਦੀ ਸੀ। ਉਹ ਟਰੇਨਿੰਗ ਗਰਾਊਂਡ ਦੇ ਬਾਹਰ ਬੈਠੀ ਆਪਣੀ ਧੀ ਦੀ ਉਡੀਕ ਕਰ ਰਹੀ ਸੀ। ਥਾਣਾ ਸਦਰ ਦੇ ਐੱਸਐੱਚਓ ਸਬ-ਇੰਸਪੈਕਟਰ ਅਵਨੀਤ ਕੌਰ ਨੇ ਦੱਸਿਆ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।