ਬਿਮਾਰੀ ਤੋਂ ਪ੍ਰੇਸ਼ਾਨ ਔਰਤ ਵੱਲੋਂ ਖ਼ੁਦਕੁਸ਼ੀ; ਲਾਸ਼ ਬਰਾਮਦ
ਇੱਥੇ ਕਾਕੋਵਾਲ ਰੋਡ ਤੋਂ ਬੀਤੇ ਦਿਨ ਤੜਕੇ ਚਾਰ ਵਜੇ ਤੋਂ ਘਰੋਂ ਗਾਇਬ ਔਰਤ ਦੀ ਲਾਸ਼ ਬੀਤੀ ਦੇਰ ਰਾਤ ਗਿੱਲ ਰੋਡ ਨਹਿਰ ਵਿੱਚੋਂ ਬਰਾਮਦ ਹੋਈ। ਲਾਸ਼ ਨੂੰ ਦੇਖਦੇ ਹੀ ਲੋਕਾਂ ਨੇ ਇਸ ਬਾਰੇ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ’ਤੇ ਗੋਤਾਖੋਰਾਂ ਨੂੰ ਬੁਲਾ ਕੇ ਲਾਸ਼ ਬਾਹਰ ਕਢਵਾਈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਆਪਣੀ ਬਿਮਾਰੀ ਤੋਂ ਪ੍ਰੇਸ਼ਾਨ ਸੀ, ਜਿਸ ਕਰਕੇ ਉਸ ਨੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਗੋਤਾਖੋਰਾਂ ਨੂੰ ਔਰਤ ਦੀ ਲਾਸ਼ ਕੋਲੋਂ ਇੱਕ ਲਿਫ਼ਾਫਾ ਮਿਲਿਆ ਸੀ, ਜਿਸ ਵਿੱਚੋਂ ਆਧਾਰ ਕਾਰਡ ਤੇ ਮੋਬਾਈਲ ਨੰਬਰ ਮਿਲਿਆ, ਜਿੱਥੋਂ ਉਸ ਦੀ ਪਛਾਣ ਪ੍ਰੇਮ ਲਤਾ ਵਜੋਂ ਹੋਈ ਹੈ।
ਮ੍ਰਿਤਕਾ ਦੇ ਪੁੱਤਰ ਬੰਟੀ ਨੇ ਦੱਸਿਆ ਕਿ ਉਸਦੀ ਮਾਂ ਨੂੰ ਖੂਨ ਸਬੰਧੀ ਬਿਮਾਰੀ ਸੀ, ਜਿਸ ਕਾਰਨ ਉਹ ਤਿੰਨ ਮਹੀਨੇ ਹਸਪਤਾਲ ਵਿੱਚ ਵੀ ਦਾਖ਼ਲ ਸੀ। ਉਸਨੂੰ ਸੈੱਲ ਚੜ੍ਹਾਏ ਜਾਂਦੇ ਸਨ। ਬੀਤੇ ਦਿਨ ਸਵੇਰੇ ਤੜਕੇ ਉਹ ਚਾਰ ਵਜੇ ਘਰੋਂ ਗਾਇਬ ਹੋ ਗਈ ਜਿਸ ’ਤੇ ਉਨ੍ਹਾਂ ਇਲਾਕੇ ਵਿੱਚੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਿਸ ’ਚ ਉਸਦੀ ਮਾਂ ਹੱਥ ਵਿੱਚ ਲਿਫ਼ਾਫਾ ਲੈ ਕੇ ਜਾ ਰਹੀ ਸੀ, ਇਸ ਤੋਂ ਬਾਅਦ ਉਨ੍ਹਾਂ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਕੀਤੀ। ਦੇਰ ਰਾਤ ਤੱਕ ਉਸਦੀ ਮਾਂ ਨਹੀਂ ਪੁੱਜੀ। ਫਿਰ ਰਾਤ 11 ਵਜੇ ਉਨ੍ਹਾਂ ਨੂੰ ਨਹਿਰ ਵਿੱਚੋਂ ਲਾਸ਼ ਮਿਲਣ ਦਾ ਫੋਨ ਆਇਆ। ਉੱਧਰ, ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਔਰਤ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕਾ ਦੀ ਇੱਕ ਧੀ ਤੇ ਇੱਕ ਪੁੱਤਰ ਹੈ। ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਰਵਾਸੀ ਮਜ਼ਦੂਰ ਦੀ ਲਾਸ਼ ਬਰਾਮਦ
ਲੁਧਿਆਣਾ: ਪਿੰਡ ਮਿਹਰਬਾਨ ਦੇ ਸੁਜਾਤਵਾਲਾ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ ਇੱਕ ਪਰਵਾਸੀ ਮਜ਼ਦੂਰ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਇੱਕ ਰਾਹਗੀਰ ਨੇ ਆਸ-ਪਾਸ ਦੇ ਲੋਕਾਂ ਨੂੰ ਸੂਚਿਤ ਕੀਤਾ। ਪਿੰਡ ਦੀ ਪੰਚਾਇਤ ਉੱਥੇ ਪਹੁੰਚੀ ਅਤੇ ਪੁਲੀਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਥਾਣਾ ਮਿਹਰਬਾਨ ਦੀ ਪੁਲੀਸ ਮੌਕੇ ’ਤੇ ਪਹੁੰਚੀ। ਜਾਂਚ ਤੋਂ ਬਾਅਦ ਪੁਲੀਸ ਨੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਆਸ ਪਾਸ ਦੇ ਲੋਕਾਂ ਤੋਂ ਪਰਵਾਸੀ ਮਜ਼ਦੂਰ ਦੀ ਪਛਾਣ ਬਾਰੇ ਪੁੱਛਿਆ, ਪਰ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ। ਫਿਲਹਾਲ ਜਾਂਚ ਤੋਂ ਬਾਅਦ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਲਾਸ਼ ਪਛਾਣ ਲਈ 72 ਘੰਟਿਆਂ ਲਈ ਰੱਖੀ ਜਾਵੇਗੀ। ਥਾਣਾ ਮਿਹਰਬਾਨ ਪੁਲੀਸ ਦੇ ਐੱਸਐੱਚਓ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਇੱਕ ਰਾਹਗੀਰ ਨੇ ਸੁਜਾਤਵਾਲਾ ਇਲਾਕੇ ਵਿੱਚ ਇੱਕ ਦਰੱਖਤ ਨਾਲ ਲਟਕਦੀ ਲਾਸ਼ ਦੇਖੀ ਅਤੇ ਪਹਿਲਾਂ ਪੰਚਾਇਤ ਨੂੰ ਸੂਚਿਤ ਕੀਤਾ ਅਤੇ ਫਿਰ ਪੁਲੀਸ ਨੂੰ ਬੁਲਾਇਆ। ਜਦੋਂ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਨੂੰ ਮ੍ਰਿਤਕ ਦੀਆਂ ਜੇਬਾਂ ਵਿੱਚੋਂ ਕੁਝ ਵੀ ਨਹੀਂ ਮਿਲਿਆ ਜਿਸ ਨਾਲ ਉਸਦੀ ਪਛਾਣ ਹੋ ਸਕੇ। ਉਨ੍ਹਾਂ ਦੱਸਿਆ ਕਿ ਸੋਮਵਾਰ ਰਾਤ ਤੱਕ ਕੁਝ ਵੀ ਨਹੀਂ ਹੋਇਆ ਸੀ, ਜਿਸ ਨਾਲ ਸ਼ੱਕ ਪੈਦਾ ਹੋਇਆ ਕਿ ਵਿਅਕਤੀ ਨੇ ਦੇਰ ਰਾਤ ਖੁਦਕੁਸ਼ੀ ਕੀਤੀ ਹੋ ਸਕਦੀ ਹੈ। -ਟਨਸ