ਉਦਯੋਗ ਨੂੰ ਨਵੀਂ ਦਿਸ਼ਾ ਦੇਣ ਲਈ ਕੰਮ ਕਰਾਂਗਾ: ਅਰੋੜਾ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜੁਲਾਈ
ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਉਹ ਪੰਜਾਬ ਦੀ ਇੰਡਸਟਰੀ ਨੂੰ ਨਵੀਂ ਦਿਸ਼ਾ ਦੇਣ ਲਈ ਇਮਾਨਦਾਰੀ ਨਾਲ ਕੰਮ ਕਰਨਗੇ।
ਉਹ ਅੱਜ ਇੱਥੇ ਮਾਈਵੇ ਹਿਊਮਨ ਵੈਲਫ਼ੇਅਰ ਸੋਸਾਇਟੀ ਦੀ ਪ੍ਰਧਾਨ ਅਜਿੰਦਰ ਕੌਰ ਅਤੇ ਹਿੰਦੂ ਤਖ਼ਤ ਦੇ ਪ੍ਰਮੁੱਖ ਵਰੁਣ ਮਹਿਤਾ ਦੀ ਅਗਵਾਈ ਹੇਠ ਵਫ਼ਦ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਅਜਿੰਦਰ ਕੌਰ ਅਤੇ ਵਰੁਣ ਮਹਿਤਾ ਵੱਲੋਂ ਸੰਜੀਵ ਅਰੋੜਾ ਦਾ ਸਨਮਾਨ ਕੀਤਾ ਗਿਆ।
ਅਰੋੜਾ ਨੇ ਕਿਹਾ ਕਿ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਉਨ੍ਹਾਂ ਨੂੰ ਲੋਕਾਂ ਦੇ ਕਈ ਮਸਲਿਆਂ ਬਾਰੇ ਪਤਾ ਲੱਗਾ ਹੈ ਅਤੇ ਉਹ ਜਲਦੀ ਹੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਉਨ੍ਹਾਂ ਦੇ ਹੱਲ ਲਈ ਗੱਲਬਾਤ ਕਰਨਗੇ। ਮਹਿਤਾ ਤੇ ਅਜਿੰਦਰ ਕੌਰ ਨੇ ਕਿਹਾ ਕਿਲੁਧਿਆਣਾ ਸ਼ਹਿਰ ਨੂੰ ਜਿਹੜੇ ਵੀ ਮੰਤਰੀ ਮਿਲੇ ਹਨ ਉਨ੍ਹਾਂ ਨੇ ਸਿਰਫ਼ ਆਪਣਾ ਤੇ ਆਪਣੇ ਕਰੀਬੀਆਂ ਦਾ ਹੀ ਵਿਕਾਸ ਕੀਤਾ ਹੈ ਪਰ ਪਹਿਲੀ ਵਾਰ ਲੁਧਿਆਣਾ ਨੂੰ ਇੱਕ ਅਜਿਹਾ ਵਿਅਕਤੀ ਮੰਤਰੀ ਵਜੋਂ ਮਿਲਿਆ ਹੈ ਜੋ ਇੰਡਸਟਰੀ ਨਾਲ ਜੁੜੇ ਲੋਕਾਂ ਦੇ ਹਿੱਤ ਦੀ ਗੱਲ ਕਰਨ ਅਤੇ ਆਮ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ।