ਕੇਂਦਰ ਨੂੰ ਸੰਵਿਧਾਨ ਨਾਲ ਛੇੜ-ਛਾੜ ਨਹੀਂ ਕਰਨ ਦਿਆਂਗੇ: ਕਾਂਗਰਸ
ਦੇਵਿੰਦਰ ਸਿੰਘ ਜੱਗੀ
ਪਾਇਲ, 14 ਜੁਲਾਈ
ਕਾਂਗਰਸ ਪਾਰਟੀ ਵੱਲੋਂ ਪਾਇਲ ਵਿੱਚ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦੀ ਅਗਵਾਈ ਹੇਠ ‘ਸੰਵਿਧਾਨ ਬਚਾਓ’ ਹੋਈ ਰੈਲੀ ਨੇ ਨਵਾਂ ਇਤਿਹਾਸ ਸਿਰਜਿਆ। ਇਸ ਰੈਲੀ ਨੂੰ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਡਾ. ਅਮਰ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਰਵਿੰਦਰ ਡਾਲਵੀ ਪੰਜਾਬ ਕੋ-ਇੰਚਾਰਜ, ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਸਮੇਤ ਹੋਰ ਲੀਡਰਾਂ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ, ਭਾਜਪਾ, ਅਕਾਲੀ ਦਲ ਤੇ ਤਾਬੜ ਤੋੜ ਹਮਲੇ ਕੀਤੇ।
ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਸੰਵਿਧਾਨ ਨੂੰ ਤੋੜ ਮਰੋੜ ਕੇ ਆਪਣੀ ਮਰਜ਼ੀ ਦੇ ਸਿਧਾਂਤ ਲਾਗੂ ਕਰਨਾ ਚਾਹੁੰਦੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਵਰਦਿਆਂ ਕਿਹਾ ਕਿ ਪੰਜਾਬ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਧੱਕੇਸ਼ਾਹੀਆਂ ਦਾ ਬਦਲਾ ਲਿਆ ਜਾਵੇਗਾ। ਉਨ੍ਹਾਂ ਅਫ਼ਸਰਸ਼ਾਹੀ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਸਰਕਾਰ ਦੀ ਸ਼ਹਿ ’ਤੇ ਕਾਂਗਰਸੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ। ਉਨ੍ਹਾਂ ਕਿਹਾ ਕਿ ਆਪ ਵੱਲੋਂ ਕੇਜਰੀਵਾਲ ਨਾਲ ਮਿਲਕੇ ਪੰਜਾਬ ਨੂੰ ਲੁੱਟਣ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ, ਪਰ ਕਾਂਗਰਸ ਅਜਿਹਾ ਬਿਲਕੁੱਲ ਨਹੀਂ ਹੋਣ ਦੇਵੇਗੀ। ਉਨ੍ਹਾਂ ਅਕਾਲੀ ਦਲ ਦੇ ਪ੍ਰਮੁੱਖ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੇ ਨਸ਼ਾ ਤਸਕਰੀ ਦੇ ਕੇਸ ਬਾਰੇ ਆਖਿਆ ਕਿ ਆਪ ਸਰਕਾਰ ਕੇਸ ਤੋਂ ਡਰਦੀ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਲੈਂਡ ਪੂਲਿੰਗ ਨਹੀਂ, ਇਹ ਲੈਂਡ ਲੂਟਿੰਗ ਹੈ, ਪਰ ਕਾਂਗਰਸ ਪਾਰਟੀ ਕਿਸਾਨਾਂ ਦੀ ਇੱਕ ਇੰਚ ਵੀ ਜ਼ਮੀਨ ਐਕਵਾਇਰ ਨਹੀਂ ਹੋਣ ਦੇਵੇਗੀ। ਅੰਤ ਵਿੱਚ ਉਨ੍ਹਾਂ ਕਿਹਾ ਕਿ ਲਖਵੀਰ ਸਿੰਘ ਲੱਖਾ ਕਾਂਗਰਸ ਪਾਰਟੀ ਲਈ ਬਹੁਤ ਹੀ ਇਮਾਨਦਾਰੀ 'ਤੇ ਵਫ਼ਾਦਾਰੀ ਨਾਲ ਕੰਮ ਕਰ ਰਿਹਾ ਹੈ ਤੇ ਕਾਂਗਰਸ ਦੀ ਸਰਕਾਰ ਬਣਨ ’ਤੇ ਜ਼ਰੂਰ ਮੰਤਰੀ ਬਣੇਗਾ।
ਅੰਬੇਡਕਰ ਨੇ ਹਰੇਕ ਵਰਗ ਨੂੰ ਜਿਊਣ ਦਾ ਹੱਕ ਦਿਵਾਇਆ: ਵੜਿੰਗ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਹਰ ਵਰਗ ਦੀ ਜਿੰਦ ਜਾਨ ਹਨ। ਜਿਹਨਾਂ ਹਰ ਵਰਗ ਨੂੰ ਇਨਸਾਫ਼ ਅਤੇ ਹਰ ਵਰਗ ਨੂੰ ਹੱਕ ਹਕੂਕ ਦੇ ਕੇ ਜਿਊਣ ਦਾ ਬਲ ਦਿੱਤਾ। ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਿੰਘ, ਊਧਮ ਸਿੰਘ ਸੁਨਾਮ, ਕਰਤਾਰ ਸਿੰਘ ਸ਼ਰਾਭਾ, ਮੰਗਲ ਪਾਂਡੇ ਸਮੇਤ ਹੋਰ ਹਜ਼ਾਰਾਂ ਹੀ ਦੇਸ਼ ਭਗਤਾਂ ਨੇ ਦੇਸ਼ ਦੀ ਜਨਤਾ ਨੂੰ ਜਾਗਰੂਕ ਕਰਕੇ ਆਜ਼ਾਦੀ ਲਿਆਂਦੀ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਧਰਮ ਦੇ ਨਾਮ ’ਤੇ ਸੰਵਿਧਾਨ ਨੂੰ ਤੋੜ ਮਰੋੜ ਕੇ ਨਿੱਜੀ ਲਾਹਾ ਲੈਣਾ ਚਾਹੁੰਦੀ ਹੈ ਤਾਂ ਜੋ ਲੋਕਾਂ ਦੀ ਹੱਕ, ਸੱਚ ਦੀ ਆਵਾਜ ਨੂੰ ਬੁਲੰਦ ਕਰਨ ਦਾ ਅਧਿਕਾਰ ਖੋਹਿਆ ਜਾਵੇ ਅਤੇ ਪ੍ਰੈੱਸ ਦੀ ਆਜ਼ਾਦੀ ’ਤੇ ਵੀ ਸਿੱਧਾ ਹਮਲਾ ਕਰਕੇ ਮੀਡੀਆ ਨੂੰ ਕੈਪਚਰ ਕੀਤਾ ਜਾ ਰਿਹਾ ਹੈ।