ਮੰਡੀ ’ਚ ਫ਼ਸਲ ’ਤੇ ਕੱਟ ਨਹੀਂ ਲੱਗਣ ਦਿਆਂਗੇ: ਕੁੰਦਰਾ
ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਕਿਸਾਨ 17 ਫੀਸਦ ਨਮੀ ਵਾਲਾ ਝੋਨਾ ਮੰਡੀ ਵਿਚ ਲੈ ਕੇ ਆਉਣ ਜੋ ਕਿ ਤੁਰੰਤ ਵਿਕੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੁਝ ਸ਼ੈਲਰ ਮਾਲਕਾਂ ਨੇ ਵੱਧ ਨਮੀ ਵਾਲਾ ਝੋਨਾ ਚੁੱਕਣ ’ਤੇ ਕੱਟ ਲਗਾਉਣ ਦੀ ਰੀਤ ਤੋਰੀ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਮੰਡੀ ਵਿਚ ਵਿਕਣ ਆ ਰਿਹਾ ਹਲਦੀ ਤੇ ਬੌਣਾ ਵਾਇਰਸ ਦਾ ਸ਼ਿਕਾਰ ਹੋਇਆ ਝੋਨਾ ਚੁੱਕਣ ਤੋਂ ਸ਼ੈਲਰ ਮਾਲਕ ਆਨਾਕਾਨੀ ਕਰ ਰਹੇ ਹਨ ਜਾਂ ਕੱਟ ਲਗਾਉਣ ਦੀ ਫ਼ਿਰਾਕ ਵਿਚ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ’ਤੇ ਕੱਟ ਲੱਗਣ ਨਾਲ ਕਿਸਾਨਾਂ ਦੀ ਲੁੱਟ ਹੁੰਦੀ ਹੈ ਜਦਕਿ ਸਰਕਾਰ ਦੀਆਂ ਹਦਾਇਤਾਂ ਹਨ ਕਿ ਮੰਡੀ ਵਿਚ 17 ਫੀਸਦੀ ਨਮੀ ਵਾਲਾ ਝੋਨਾ ਖਰੀਦ ਏਜੰਸੀਆਂ ਤੁਰੰਤ ਖਰੀਦ ਕਰਨ।
ਪ੍ਰਧਾਨ ਕੁੰਦਰਾ ਨੇ ਕਿਹਾ ਕਿ ਮਾਛੀਵਾੜਾ ਅਨਾਜ ਮੰਡੀ ਦੇ ਆੜ੍ਹਤੀ ਇੱਕਜੁਟ ਹਨ ਅਤੇ 17 ਫੀਸਦ ਨਮੀ ਵਾਲਾ ਝੋਨਾ ਸਰਕਾਰੀ ਏਜੰਸੀਆਂ ਨੂੰ ਖਰੀਦਣਾ ਪਵੇਗਾ ਅਤੇ ਲਿਫਟਿੰਗ ਵੀ ਕਰਵਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸ਼ੈਲਰ ਮਾਲਕ ਨੇ ਕੱਟ ਲਗਾ ਕਿਸਾਨਾਂ ਦੀ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਰਦਾਸ਼ਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਮਾਛੀਵਾੜਾ ਮੰਡੀ ਵਿਚ ਜੋ ਹੋਣ ਬੀਮਾਰੀਆਂ ਦੀ ਮਾਰ ਵਾਲਾ ਝੋਨਾ ਆਉਣਾ ਸ਼ੁਰੂ ਹੋਇਆ ਹੈ ਉਸ ਦਾ ਰੰਗ ਕੁਝ ਬਦਲਿਆ ਹੋਇਆ ਹੈ ਜਿਸ ਕਾਰਨ ਆਉਣ ਵਾਲੇ ਸਮੇਂ ’ਚ ਇਸ ਖਰੀਦ ਕਰਨ ਵਿਚ ਦਿੱਕਤਾਂ ਆ ਸਕਦੀਆਂ ਹਨ। ਹੜ੍ਹਾਂ ਦੀ ਮਾਰ ਤੇ ਫਸਲਾਂ ਦੇ ਘੱਟ ਝਾੜ ਕਾਰਨ ਪਹਿਲਾਂ ਹੀ ਕਿਸਾਨ ਵੱਡੀ ਆਰਥਿਕ ਮਾਰ ਹੇਠ ਹਨ ਅਤੇ ਜੇਕਰ ਇਹ ਬੀਮਾਰੀਆਂ ਦੀ ਮਾਰ ਹੇਠ ਆਇਆ ਝੋਨਾ ਵੀ ਉਨ੍ਹਾਂ ਦਾ ਕੱਟ ਲਗਾ ਕੇ ਵਿਕਣ ਲੱਗਾ ਤਾਂ ਹੋਰ ਵੱਡਾ ਆਰਥਿਕ ਘਾਟਾ ਪਵੇਗਾ ਜਿਸ ਨੂੰ ਰੋਕਣ ਲਈ ਜਿੱਥੇ ਆੜ੍ਹਤੀਆਂ ਵਲੋਂ ਯਤਨ ਕੀਤੇ ਜਾ ਰਹੇ ਹਨ ਉੱਥੇ ਕਿਸਾਨਾਂ ਨੂੰ ਇਸ ਪ੍ਰਤੀ ਆਪਣਾ ਸਖ਼ਤ ਰਵੱਈਆ ਅਪਣਾਉਣਾ ਪਵੇਗਾ।