ਦਰੇਸੀ ਮੇਲੇ ਦੇ ਠੇਕੇਦਾਰ ਵਿਰੁੱਧ ਮਾਣਹਾਨੀ ਦਾ ਕੇਸ ਕਰਾਂਗਾ: ਪਰਾਸ਼ਰ ਪੱਪੀ
ਦਰੇਸੀ ਮੇਲੇ ਦੇ ਠੇਕੇਦਾਰ ਵੱਲੋਂ ਖੁਦ ਖ਼ਿਲਾਫ਼ ਲਗਾਏ ਗਏ ਦੋਸ਼ਾਂ ਤੋਂ ਬਾਅਦ ਅੱਜ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਪ੍ਰੈੱਸ ਕਾਨਫਰੰਸ ਕੀਤੀ। ਵਿਧਾਇਕ ਨੇ ਕਿਹਾ ਕਿ ਉਹ ਠੇਕੇਦਾਰ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕਰ ਰਹੇ ਹਨ। ਸੋਮਵਾਰ ਨੂੰ ਸਰਕਟ ਹਾਊਸ ਵਿੱਚ ਸੰਬੋਧਨ ਕਰਦੇ ਹੋਏ ਵਿਧਾਇਕ ਪਰਾਸ਼ਰ ਨੇ ਕਿਹਾ ਕਿ ਉਹ ਇਸ ਗੱਲ ਦੀ ਵੀ ਵਿਜੀਲੈਂਸ ਜਾਂਚ ਦੀ ਮੰਗ ਕਰ ਰਹੇ ਹਨ ਕਿ ਇੱਕ ਦਰਜਾ ਚਾਰ ਕਰਮਚਾਰੀ ਨੂੰ ਦਰੇਸੀ ਮੇਲੇ ਦਾ 1.5 ਕਰੋੜ ਰੁਪਏ ਦਾ ਠੇਕਾ ਕਿਵੇਂ ਹਾਸਲ ਹੋਇਆ ਹੈ। ਇਸ ਮਸਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਕਿਉਂਕਿ ਇੱਕ ਸਰਕਾਰੀ ਕਰਮਚਾਰੀ ਠੇਕੇਦਾਰ ਵਜੋਂ ਵੀ ਕੰਮ ਨਹੀਂ ਕਰ ਸਕਦਾ।
ਵਿਧਾਇਕ ਨੇ ਕਿਹਾ ਕਿ ਇਹ ਸਾਰਾ ਨਾਟਕ ਸਮਾਜ ਵਿੱਚ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਲਈ ਰਚਿਆ ਗਿਆ ਸੀ ਪਰ ਜਨਤਾ ਸੱਚਾਈ ਜਾਣਦੀ ਹੈ ਕਿ ਉਹ ਵੱਡੇ ਪੱਧਰ ’ਤੇ ਸਮਾਜ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਠੇਕੇਦਾਰ ਵੱਲੋਂ ਰੇਹੜੀ-ਫੜ੍ਹੀ ਵਾਲਿਆਂ ਤੋਂ ਗੁੰਡਾ ਟੈਕਸ ਵਸੂਲਣ ਦਾ ਵੀ ਦੋਸ਼ ਲਾਇਆ। ਵਿਧਾਇਕ ਪਰਾਸ਼ਰ ਨੇ ਕਿਹਾ ਕਿ ਪੂਰਾ ਦਰੇਸੀ ਮੇਲਾ ਵੀ ਪ੍ਰਸ਼ਾਸਨ ਤੋਂ ਲੋੜੀਂਦੀ ਇਜਾਜ਼ਤ ਤੋਂ ਬਿਨਾਂ ਲਗਾਇਆ ਗਿਆ ਹੈ। ਵਿਧਾਇਕ ਨੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਵਿਰੋਧੀ ਆਗੂਆਂ ਦੀ ਨਿੰਦਾ ਕੀਤੀ ਕਿ ਉਨ੍ਹਾਂ ਨੇ ਸਿਆਸੀ ਲਾਭ ਲੈਣ ਲਈ ਭਗਵਾਨ ਰਾਮ ਦੀ ਪ੍ਰਾਚੀਨ ਡੋਲਾ ਯਾਤਰਾ ਨੂੰ ਰੋਕ ਕੇ ਸਨਾਤਨ ਧਰਮ ਦਾ ਨਿਰਾਦਰ ਕੀਤਾ ਹੈ। ਵਿਧਾਇਕ ਨੇ ਕਿਹਾ ਕਿ ਉਹ ਖੁਦ ਕਈ ਸਾਲਾਂ ਤੋਂ ਹਨੂੰਮਾਨ ਜੈਅੰਤੀ ’ਤੇ ਬਾਲਾਜੀ ਰੱਥ ਯਾਤਰਾ ਦਾ ਆਯੋਜਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਿਰੋਧੀ ਆਗੂਆਂ ’ਤੇ ਤਰਸ ਆਉਂਦਾ ਹੈ ਜੋ ਇਸ ਮੁੱਦੇ ਤੋਂ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਧਾਇਕ ਨੇ ਕਿਹਾ ਕਿ ਇਹ ਬੇਬੁਨਿਆਦ ਦੋਸ਼ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਜਨਤਾ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੇ ਅਤੇ ਉਹ ਠੇਕੇਦਾਰ ਵਿਰੁੱਧ ਉਚਿਤ ਵਿਜੀਲੈਂਸ ਜਾਂਚ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮਾਣਹਾਨੀ ਦਾ ਕੇਸ ਵੀ ਦਾਇਰ ਕੀਤਾ ਜਾਵੇਗਾ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ‘ਆਪ’ ਜ਼ਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ, ‘ਆਪ’ ਆਗੂ ਪਰਮਵੀਰ ਪ੍ਰਿੰਸ ਅਤੇ ਡਿਪਟੀ ਮੇਅਰ ਪ੍ਰਿੰਸ ਜ਼ੋਹਰ ਸਣੇ ਹੋਰ ਕੌਂਸਲਰ ਅਤੇ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਸਨ।