ਝੂੰਦਾ ਕਮੇਟੀ ਵੱਲੋਂ ਪਾਸ ਮਤੇ ਲਾਗੂ ਕਰਾਂਗੇ: ਹਰਿੰਦਰਪਾਲ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੁਰਦੁਆਰਾ ਕਲਗੀਧਰ ਸਾਹਿਬ ਪਾਇਲ ਵਿੱਚ ਸਰਕਲ ਜਥੇਦਾਰਾਂ ਦੀ ਚੋਣ ਸਬੰਧੀ ਮੀਟਿੰਗ ਬੁਲਾਈ ਗਈ। ਇਸ ਵਿੱਚ ਮੁੱਖ ਬੁਲਾਰੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਥੇਦਾਰ ਅਵਤਾਰ ਸਿੰਘ ਧਮੋਟ ਅਤੇ ਜਥੇਦਾਰ ਭਰਪੂਰ ਸਿੰਘ ਧਾਂਦਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪਾਇਲ ਸ਼ਹਿਰੀ ਦੇ ਸਰਕਲ ਜਥੇਦਾਰ ਤਾਰਾ ਸਿੰਘ ਘੁਡਾਣੀ ਖੁਰਦ, ਪਾਇਲ ਦਿਹਾਤੀ ਦੇ ਪਲਵਿੰਦਰ ਸਿੰਘ ਮਲਕਪੁਰ, ਦੋਰਾਹਾ ਸ਼ਹਿਰੀ ਦੇ ਜਤਿੰਦਰ ਸਿੰਘ ਰਾਮਪੁਰ, ਦੋਰਾਹਾ ਦਿਹਾਤੀ ਦੇ ਜਥੇਦਾਰ ਚਰਨ ਸਿੰਘ ਲੰਡਾ, ਮਲੌਦ ਸ਼ਹਿਰੀ ਦੇ ਡਾ. ਕਰਨੈਲ ਸਿੰਘ ਕਾਲੀਆ ਅਤੇ ਮਲੌਦ ਸਰਕਲ ਦਿਹਾਤੀ ਦੇ ਗੁਰਸੇਵਕ ਸਿੰਘ ਨੂੰ ਜਥੇਦਾਰ ਚੁਣਿਆ ਗਿਆ। ਇਨ੍ਹਾਂ ਨੂੰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਿਰੋਪਾ ਦੇ ਕੇ ਸਵਾਗਤ ਕੀਤਾ।
ਇਸ ਮੌਕੇ ‘ਤੇ ਮੁੱਖ ਬੁਲਾਰੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਸਰਕਲ ਜਥੇਦਾਰਾਂ ਦੀ ਚੋਣ ਕੀਤੀ ਜਾ ਰਹੀ ਹੈ ਤਾਂ ਜੋ ਜਥੇਬੰਦਕ ਢਾਚਾਂ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਮਕਸਦ ਝੂੰਦਾ ਕਮੇਟੀ ਵੱਲੋਂ ਪਾਸ ਕੀਤੇ ਮਤੇ ਲਾਗੂ ਕਰਨਾ, ਆਨੰਦਪੁਰ ਸਾਹਿਬ ਦਾ ਮਤਾ ਤੇ ਪਾਣੀਆਂ ਦਾ ਮਸਲਾ ਹੱਲ ਕਰਵਾਉਣਾ ਹੈ। ਇਸੇ ਦੌਰਾਨ ਅਵਤਾਰ ਸਿੰਘ ਧਮੋਟ ਨੇ ਨਵ-ਨਿਯੁਕਤ ਜਥੇਦਾਰਾਂ ਨੂੰ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਨਿਸ਼ਕਾਮ ਸੇਵਾ ਕਰਨ ਅਤੇ ਅਕਾਲ ਤਖ਼ਤ ਦੇ ਸਿਧਾਤਾਂ ’ਤੇ ਪਹਿਰਾ ਦੇਣ ਲਈ ਪਿੰਡਾਂ ਵਿੱਚ ਮੀਟਿੰਗਾਂ ਕਰ ਕੇ ਜਥੇਬੰਦੀ ਨੂੰ ਤਕੜਾ ਕਰਨ।