ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਮਦਦ ਕਰਾਂਗੇ: ਸ਼ਾਹੀ ਇਮਾਮ
ਮੁਸਲਿਮ ਭਾਈਚਾਰੇ ਵੱਲੋਂ ਅਹਿਰਾਰ ਫਾਊਂਡੇਸ਼ਨ ਦੇ ਪ੍ਰਧਾਨ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗਵਾਈ ਹੇਠ ਇੱਕ ਵਾਰ ਮੁੜ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਭੇਟ ਕੀਤੇ ਗਏ ਹਨ।
ਅੱਜ ਇਤਿਹਾਸਿਕ ਜਾਮਾ ਮਸਜਿਦ ਵਿੱਚ ਹੋਏ ਸਾਦਾ ਸਮਾਗਮ ਦੌਰਾਨ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਪ੍ਰਭਾਵਿਤ ਲੋਕਾਂ ਨੂੰ ਮੁੜ ਵਸੇਬੇ ਲਈ 50 ਲੱਖ ਰੁਪਏ ਦੇ ਸਹਾਇਤਾ ਚੈੱਕ ਦਿੱਤੇ ਗਏ। ਇੱਥੇ ਜ਼ਿਕਰਯੋਗ ਹੈ ਕਿ ਅਹਿਰਾਰ ਫਾਊਂਡੇਸ਼ਨ ਵੱਲੋਂ ਇਸ ਤੋਂ ਪਹਿਲਾਂ ਵੱਖ-ਵੱਖ ਧਰਮਾਂ ਨਾਲ ਸਬੰਧਿਤ ਲੋਕਾਂ ਨੂੰ 50 ਲੱਖ ਰੁਪਏ ਅਤੇ 30 ਲੱਖ ਰੁਪਏ ਦੀ ਵਿੱਤੀ ਸਹਾਇਤਾ ਭੇਟ ਕੀਤੀ ਗਈ ਸੀ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਤੇ ਮੈਡੀਕਲ ਕੈਂਪ ਲਾ ਕੇ ਦਵਾਈਆਂ ਅਤੇ ਐਂਬੂਲੈਂਸ ਦੇ ਉੱਪਰ ਵੀ 50 ਲੱਖ ਰੁਪਏ ਦੀ ਰਕਮ ਖਰਚ ਕੀਤੀ ਗਈ ਸੀ।
ਇਸ ਮੌਕੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਆਪਣੇ ਭੈਣ ਭਰਾਵਾਂ ਦਾ ਸਾਥ ਦੇਣਾ ਸਾਡਾ ਮੁੱਢਲਾ ਫਰਜ਼ ਹੈ ਕਿਉਂਕਿ ਸਾਡਾ ਧਰਮ ਸਾਨੂੰ ਇਹੀ ਸਿਖਾਉਂਦਾ ਹੈ ਕਿ ਮੁਸੀਬਤ ਸਮੇਂ ਲੋਕਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਾਥ ਨਹੀਂ ਬਲਕਿ ਮੁਹੱਬਤ ਦਾ ਸੁਨੇਹਾ ਹੈ ਕਿ ਪੰਜਾਬ ਦੀ ਧਰਤੀ ਤੋਂ ਹਮੇਸ਼ਾਂ ਹੀ ਸਰਬ ਧਰਮ ਦੇ ਲੋਕਾਂ ਨੇ ਹਰ ਦੁੱਖ ਸੁੱਖ ਵਿੱਚ ਇੱਕ ਦੂਜੇ ਦਾ ਸਾਥ ਨਿਭਾਇਆ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹ ਪੀੜਤਾਂ ਦੇ ਮੁੜ ਵਸੇਵੇ ਦੇ ਕੰਮਾਂ ਵਿੱਚ ਮੁਸਲਿਮ ਭਾਈਚਾਰਾ ਆਖਿਰ ਤੱਕ ਆਪਣੇ ਦੂਜੇ ਧਰਮਾਂ ਦੇ ਭਰਾਵਾਂ ਦੇ ਨਾਲ ਡੱਟਕੇ ਖੜ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੀ ਪਹਿਲੇ ਦਿਨ ਤੋਂ ਸ਼ੁਰੂ ਕੀਤੀ ਗਈ ਸੇਵਾ ਵਿੱਚ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਉਸ ਸਮੇਂ ਤੱਕ ਆਪਣੇ ਭਰਾਵਾਂ ਦੇ ਨਾਲ ਸੇਵਾ ਕਰਦੇ ਰਹਾਂਗੇ ਜਦ ਤੱਕ ਜ਼ਿੰਦਗੀ ਦੁਬਾਰਾ ਆਮ ਤਰੀਕੇ ਨਾਲ ਗੁਜਰਨੀ ਸ਼ੁਰੂ ਨਾ ਹੋ ਜਾਵੇ। ਇਸ ਮੌਕੇ ਮੁਹੰਮਦ ਮੁਸਤਕੀਮ, ਅਬਦੁਲ ਕਬੀਰ, ਮਾਈਕਲ ਸਿੰਘ, ਮੁਹੰਮਦ ਸਾਹਿਬ, ਅਬਦੁਲ ਹਾਜੀ, ਇਨਾਮੁਲਾ ਕਾਰੀ, ਅਬਦੁਲ ਬਾਸੀ, ਸੋਨੂ ਕੁਮਾਰ ਅਤੇ ਨਵਾਬ ਅਲੀ ਵੀ ਹਾਜ਼ਰ ਸਨ।