ਸੂਬੇ ਨੂੰ ਬਿਹਤਰੀਨ ਖੇਡ ਕੇਂਦਰ ਵਜੋਂ ਸਥਾਪਤ ਕਰਾਂਗੇ: ਸੌਂਦ
ਜੋਗਿੰਦਰ ਸਿੰਘ ਓਬਰਾਏ
ਖੰਨਾ, 7 ਜੁਲਾਈ
ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਖੇਡਾਂ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਉਪਰਾਲੇ ਭਵਿੱਖ ਵਿਚ ਪੰਜਾਬ ਨੂੰ ਖੇਡਾਂ ਦੇ ਉੱਤਮ ਕੇਂਦਰ ਵਜੋਂ ਸਥਾਪਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ। ਇਹ ਗੱਲ ਅੱਜ ਇੱਥੋਂ ਪ੍ਰਿੰਸੀਪਲ ਰਮੇਸ਼ ਚੰਦਰ ਸਟੇਡੀਅਮ ਵਿਖੇ ਕਰਵਾਏ ਕ੍ਰਿਕਟ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਾਂ ਖੇਡਾਂ ਨੂੰ ਵੱਡੇ ਪੱਧਰ ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਵੱਲੋਂ ‘ਖੇਡਦਾ ਪੰਜਾਬ, ਬਦਲਦਾ ਪੰਜਾਬ’ ਪਹਿਲ ਕਦਮੀਂ ਤਹਿਤ 13 ਸੈਂਟਰ ਆਫ਼ ਐਕਸੀਲੈਂਸ ਕੇਦਰਾਂ ਨੂੰ ਐਡਵਾਂਸ ਅਤੇ ਆਧੁਨਿਕ ਬਣਾਇਆ ਜਾ ਰਿਹਾ ਹੈ ਜੋ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲਾ ਕਰਨ ਵਾਲੇ ਪੰਜਾਬ ਦੇ ਚੈਂਪੀਅਨ ਖਿਡਾਰੀਆਂ ਲਈ ਹੱਥ ਬਣ ਜਾਣਗੇ। ਉਨ੍ਹਾਂ ‘ਆਪ’ ਦੇ ਯੂਥ ਆਗੂ ਗੁਰਸੀਰਤ ਸਿੰਘ ਅਤੇ ਹੇਮਪ੍ਰੀਤ ਸਿੰਘ ਵੱਲੋਂ ਆਪਣੇ ਪਿਤਾ ਮਰਹੂਮ ਜਤਿੰਦਰ ਸਿੰਘ ਲੱਕੀ ਦੀ ਯਾਦ ਵਿਚ ਕਰਵਾਏ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਮੌਕੇ ਜੇਤੂ ਨੌਜਵਾਨਾਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਧਾਇਕ ਡਾ. ਜਮੀਲ ਉਰ ਰਹਿਮਾਨ, ਚੇਅਰਮੈਨ ਜਸਵੀਰ ਸਿੰਘ ਜੱਸੀ, ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਗਿੱਲ ਹਾਜ਼ਰ ਸਨ।