ਲੁਧਿਆਣਾ ਵਿੱਚ ਮੀਂਹ ਮਗਰੋਂ ਜਲ ਥਲ
ਸਾਉਣ ਦੇ ਮਹੀਨੇ ਦੀ ਸ਼ੁਰੂਆਤ ਤੋਂ ਸ਼ੁਰੂ ਹੋਇਆ ਮੀਂਹ ਲੁਧਿਆਣਾ ਵਿੱਚ ਸੋਮਵਾਰ ਨੂੰ ਵੀ ਪਇਆ। ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟੇ ਦੌਰਾਨ ਸ਼ਹਿਰ ਵਿੱਚ 28.4 ਐਮਐਮ ਮੀਂਹ ਪਇਆ ਹੈ। ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਤਾਂ ਪਾਣੀ ਨਾਲ ਭਰ ਗਈਆਂ ਪਰ ਮੀਂਹ ਤੋਂ ਬਾਅਦ ਵੱਧੀ ਉਮਸ ਤੇ ਗਰਮੀ ਕਾਰਨ ਲੋਕ ਕਾਫ਼ੀ ਪਰੇਸ਼ਾਨ ਹੋਏ। ਦੁਪਹਿਰ 12 ਵਜੇ ਦੇ ਕਰੀਬ ਸ਼ਹਿਰ ਵਿੱਚ ਇੱਕੋਂ ਵਾਰ ਕਾਲੇ ਬਦਲਾਂ ਤੋਂ ਬਾਅਦ ਮੀਂਹ ਸ਼ੁਰੂ ਹੋਇਆ। ਜੋਕਿ ਤਕਰੀਬਨ ਅੱਧਾ ਘੰਟਾ ਲਗਾਤਾਰ ਪੈਂਦਾ ਰਿਹਾ ਜਿਸ ਮਗਰੋਂ ਨਿਕਲੀ ਧੁੱਪ ਨੇ ਪੂਰਾ ਦਿਨ ਗਰਮੀ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਰੱਖਿਆ। ਮੌਸਮ ਵਿਭਾਗ ਮੁਤਾਬਕ ਅੱਜ ਦਾ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਦਰਜ ਕੀਤਾ ਗਿਆ, ਜਦਕਿ ਘੱਟੋਂ ਘੱਟ ਤਾਪਮਾਨ 27.6 ਡਿਗਰੀ ਰਿਹਾ। ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਵਿਭਾਗ ਨੇ ਮੀਂਹ ਦ ਭਵਿੱਖਬਾਣੀ ਕੀਤੀ ਹੈ।
ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਦੁਪਹਿਰ ਵੇਲੇ ਪਾਣੀ ਨਾ ਭਰ ਗਈਆਂ। ਅੱਧਾ ਘੰਟਾ ਪਏ ਤੇਜ਼ ਮੀਂਹ ਦੌਰਾਨ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਕੁੱਝ ਇਲਾਕੇ ਤਾਂ ਅਜਿਹੇ ਹਨ, ਜਿਥੇ ਦੇਰ ਸ਼ਾਮ ਤੱਕ ਵੀ ਪਾਣੀ ਖੜ੍ਹਾ ਰਿਹਾ। ਸ਼ਹਿਰ ਦੇ ਇਲਾਕੇ ਹੈਬੋਵਾਲ, ਰਾਹੋਂ ਰੋਡ, ਬਸਤੀ ਜੋਧੇਵਾਲ, ਚੰਡੀਗੜ੍ਹ ਰੋਡ, 32 ਸੈਕਟਰ, ਚੀਮਾ ਚੌਂਕ, ਜਨਕਪੁਰੀ, ਜਨਤਾ ਨਗਰ, ਸ਼ੇਰਪੁਰ ਵਰਗੇ ਕਈ ਇਲਾਕੇ ਹਨ, ਜਿਥੇ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਪਾਣੀ ਖੜ੍ਹਾ ਹੋ ਗਿਆ। ਪਾਣੀ ਦੇ ਨਾਲ ਨਾਲ ਮੀਂਹ ਰੁੱਕਣ ਤੋਂ ਬਾਅਦ ਧੁੱਪ ਨਿਕਲ ਆਈ, ਜਿਸ ਕਾਰਨ ਲੋਕਾਂ ਨੂੰ ਤੇਜ਼ ਗਰਮੀ ਤੇ ਹੁੰਮਸ ਨੇ ਵੀ ਪਰੇਸ਼ਾਨ ਰੱਖਿਆ। ਦੁਪਹਿਰ 2 ਵਜੇ ਤੋਂ ਬਾਅਦ ਸ਼ਾਮ ਤੱਕ ਕਾਫ਼ੀ ਗਰਮੀ ਰਹੀ। ਹਵਾ ਨਾ ਚੱਲਣ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਰਹੇ। ਮੌਸਮ ਵਿਭਾਗ ਮੁਤਾਬਕ ਦੁਪਹਿਰ ਢਾਈ ਵਜੇ ਤੱਕ ਸ਼ਹਿਰ ਵਿੱਚ 28.4 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਆਉਣ ਵਾਲੇ ਕੁੱਝ ਦਿਨ ਹੋਰ ਮੀਂਹ ਪੈਣ ਦੇ ਆਸਾਰ ਹਨ।