ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Water Pollution: ਸਤਲੁਜ ਵਿਚ ਡਿੱਗਦਾ ਜ਼ਹਿਰੀਲਾ ਪਾਣੀ ਰੋਕਣ ਪੁੱਜੇ 'ਕਾਲੇ ਪਾਣੀ ਦਾ ਮੋਰਚਾ' ਦੇ ਆਗੂ ਪੁਲੀਸ ਨੇ ਹਿਰਾਸਤ 'ਚ ਲਏ

Water Pollution in Punjab: ਲੁਧਿਆਣਾ ਵਿੱਚ ਬੁੱਢੇ ਦਰਿਆ ਵਿੱਚ ਕਾਲਾ ਪਾਣੀ ਡਿੱਗਣ ਤੋਂ ਰੋਕਣ ਦਾ ਮੁੱਦਾ ਭਖਿਆ; ਮੋਰਚੇ ਖਿਲਾਫ਼ ਡਾਇੰਗ ਯੂਨਿਟਾਂ ਵਾਲਿਆਂ ਨੇ ਪਰਵਾਸੀ ਮਜ਼ਦੂਰਾਂ ਦੀ ਮਦਦ ਨਾਲ ਲਾਇਆ ਧਰਨਾ
'ਕਾਲੇ ਪਾਣੀ ਦਾ ਮੋਰਚਾ' ਦੀ ਹਮਾਇਤ ਵਿਚ ਹੋਇਆ ਲੋਕਾਂ ਦਾ ਇਕੱਠ।
Advertisement

ਗਗਨਦੀਪ ਅਰੋੜਾ

ਲੁਧਿਆਣਾ, 3 ਦਸੰਬਰ

Advertisement

Water Pollution: ਬੁੱਢੇ ਦਰਿਆ ਵਿੱਚ ਡਿੱਗ ਰਿਹੇ ਡਾਇੰਗਾਂ ਦੇ ਗੰਦੇ ਤੇ ਜ਼ਹਿਰੀਲੇ ਪਾਣੀ ਨੂੰ ਰੋਕਣ ਦਾ ਮੁੱਦਾ ਸ਼ਹਿਰ ਵਿੱਚ ਪੂਰੀ ਤਰ੍ਹਾਂ ਭਖ਼ ਗਿਆ ਹੈ। 'ਕਾਲੇ ਪਾਣੀ ਦਾ ਮੋਰਚਾ' ਦੇ ਮੈਂਬਰਾਂ ਨੇ 3 ਦਸੰਬਰ ਨੂੰ ਬੁੱਢੇ ਦਰਿਆ ਵਿੱਚ ਡਿੱਗ ਰਹੇ ਗੰਧਲੇ ਪਾਣੀ ਨੂੰ ਰੋਕਣ ਲਈ ਬੰਨ੍ਹ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਸੀ, ਪਰ ਅੱਜ ਸਵੇਰੇ ਤੋਂ ਹੀ ਜਿਥੇ ਮੋਰਚੇ ਦੇ ਮੈਂਬਰਾਂ ਨੇ ਪੁੱਜਣਾ ਸੀ, ਉਥੇ ਪੁਲੀਸ ਨੇ ਸਖ਼ਤ ਸੁਰੱਖਿਆ ਦੇ ਇੰਤਜ਼ਾਮ ਕਰ ਦਿੱਤੇ। ਗ਼ੌਰਤਲਬ ਹੈ ਕਿ ਗੰਧਲੇ ਤੇ ਜ਼ਹਿਰੀਲੇ ਪਾਣੀ ਨਾਲ ਭਰਿਆ ਬੁੱਢਾ ਨਾਲਾ ਅਗਾਂਹ ਜਾ ਕੇ ਦਰਿਆ ਸਤਲੁਜ ਵਿਚ ਡਿੱਗਦਾ ਹੈ।

'ਕਾਲੇ ਪਾਣੀ ਦਾ ਮੋਰਚਾ' ਦੇ ਮੈਂਬਰਾਂ ਦਾ ਇਕ ਹੋਰ ਇਕੱਠ।

ਸੈਂਕੜਿਆਂ ਦੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਪੁਲੀਸ ਮੁਲਾਜ਼ਮਾਂ ਨੇ ਫਿਰੋਜ਼ਪੁਰ ਰੋਡ ’ਤੇ ਵੇਰਕਾ ਮਿਲਕ ਪਲਾਂਟ ਸਾਹਮਣੇ ਆਉਣ ਵਾਲੇ ਮੋਰਚੇ ਦੇ ਜ਼ਿਆਦਾਤਰ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਲੁਧਿਆਣਾ ਹੀ ਨਹੀਂ ਸਗੋਂ ਪੰਜਾਬ ਵਿਚ ਹੋਰਨੀਂ ਥਾਈਂ ਵੀ ਫੜੋ-ਫੜੀ ਦੀ ਮੁਹਿੰਮ ਚਲਾਈ ਅਤੇ ਮੋਰਚੇ ਦੇ ਮੁੱਖ ਆਗੂ ਤੇ ਸਮਾਜਿਕ ਕਾਰਕੁਨ ਲੱਖਾ ਸਿਧਾਣਾ ਨੂੰ ਵੀ ਲੁਧਿਆਣਾ ਆਉਂਦੇ ਵਕਤ ਮੋਗਾ ਜ਼ਿਲ੍ਹੇ ਵਿਚੋਂ ਹਿਰਾਸਤ ਵਿਚ ਲੈ ਲਿਆ। ਇਥੇ ਇਸ ਮੌਕੇ ਪੁਲੀਸ ਕਮਿਸ਼ਨਰ ਸਣੇ ਸਾਰੇ ਹੀ ਵੱਡੇ ਪੁਲੀਸ ਮੁਲਾਜ਼ਮ ਸੜਕਾਂ ’ਤੇ ਮੌਜੂਦ ਰਹੇ।

ਡਾਇੰਗ ਯੂਨਿਟਾਂ ਵਾਲਿਆਂ ਵੱਲੋਂ ਲਾਇਆ ਗਿਆ ਧਰਨਾ।
ਇਹ ਵੀ ਪੜ੍ਹੋ: 

ਨੱਕ ਤੱਕ ਆਇਆ ਬੁੱਢਾ ਦਰਿਆ ਦਾ ਪ੍ਰਦੂਸ਼ਣ

ਬੁੱਢਾ ਦਰਿਆ ਪੈਦਲ ਯਾਤਰਾ: ਪ੍ਰਦੂਸ਼ਣ ਫੈਲਾਉਣ ਵਾਲੀਆਂ ਥਾਵਾਂ ਦੀ ਪਛਾਣ

ਦੂਜੇ ਪਾਸੇ ਡਾਇੰਗ ਯੂਨਿਟਾਂ ਵਾਲਿਆਂ ਨੇ 24 ਘੰਟੇ ਲਈ ਫੈਕਟਰੀਆਂ ਬੰਦ ਕਰ ਕੇ ਤਾਜਪੁਰ ਰੋਡ ’ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਨਾਲ ਲੈ ਕੇ ਧਰਨਾ ਲਾ ਦਿੱਤਾ। ਦੁਪਹਿਰ ਤੱਕ ਫਿਰੋਜ਼ਪੁਰ ਰੋਡ ’ਤੇ ਪੁਲੀਸ ਵੱਲੋਂ ਮੋਰਚੇ ਦੇ ਮੈਂਬਰਾਂ ਨੂੰ ਫੜਨ ਦਾ ਸਿਲਸਿਲਾ ਜਾਰੀ ਰਿਹਾ। ਹਾਲਾਂਕਿ, ਦੁਪਹਿਰ ਤੱਕ ਲੱਖਾ ਸਿਧਾਣਾ, ਅਮਿਤੋਜ ਮਾਨ ਸਣੇ ਹੋਰ ਕਈ ਕਾਰਕੁਨ ਪੁਲੀਸ ਦੀ ਰਿਹਾਸਤ ਵਿੱਚ ਨਹੀਂ ਆਏ ਸਨ, ਪਰ ਬਾਅਦ ਵਿਚ ਪੁਲੀਸ ਨੇ ਲੱਖਾ ਸਿਧਾਣਾ ਨੂੰ ਹਿਰਾਸਤ ਵਿਚ ਲੈ ਲਿਆ।

ਲੱਖਾ ਸਿਧਾਣਾ ਨੂੰ ਦੋ ਸਾਥੀਆਂ ਸਮੇਤ ਸੀਆਈਏ ਸਟਾਫ਼ ਮਹਿਣਾ 'ਚ ਬੰਦ ਕੀਤਾ

ਹਰਦੀਪ ਸਿੰਘ
ਧਰਮਕੋਟ: 'ਕਾਲੇ ਪਾਣੀ ਦਾ ਮੋਰਚਾ' ਦੇ ਮੁੱਖ ਆਗੂ ਲੱਖਾ ਸਿਧਾਣਾ ਨੂੰ ਅੱਜ ਮੋਗਾ ਪੁਲੀਸ ਨੇ ਦੁਪਹਿਰ ਵੇਲੇ ਲੁਧਿਆਣਾ ਜਾਂਦੇ ਸਮੇਂ ਪਿੰਡ ਰਾਮਾ ਵਿੱਚ ਘੇਰਾ ਪਾ ਕੇ ਕਾਬੂ ਕਰ ਲਿਆ। ਇਸ ਵੇਲੇ ਉਨ੍ਹਾਂ ਨਾਲ ਉਨ੍ਹਾਂ ਦੇ ਦੋ ਹੋਰ ਸਾਥੀ ਵੀ ਸਨ। ਲੱਖਾ ਸਿਧਾਣਾ ਅਤੇ ਸਾਥੀਆਂ ਨੇ ਪੁਲੀਸ ਘੇਰੇ ਵਿੱਚੋਂ ਨਿਕਲਣ ਦੀ  ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਪੂਰੀ ਮੁਸਤੈਦੀ ਨਾਲ ਉਨ੍ਹਾਂ ਦਾ ਇਹ ਯਤਨ ਅਸਫਲ ਬਣਾ ਦਿੱਤਾ।
ਜਾਣਕਾਰੀ ਮੁਤਾਬਕ ਲੱਖੇ ਅਤੇ ਸਾਥੀਆਂ ਨੂੰ ਸੀਆਈਏ ਸਟਾਫ਼ ਮਹਿਣਾ ਵਿਖੇ ਰੱਖਿਆ ਗਿਆ ਹੈ। ਮੋਰਚੇ ਦੇ ਸਥਾਨਕ ਆਗੂ ਸੋਹਣ ਸਿੰਘ ਖੇਲਾ ਨੇ ਦੱਸਿਆ ਕਿ ਕਿਹਾ ਕਿ ਪੁਲੀਸ ਨੇ ਮੋਰਚੇ ਵਿਚ ਹੋਰਨਾਂ ਸਰਗਰਮ ਵਰਕਰਾਂ ਦੀ ਪੈੜ ਨੱਪੀ ਰੱਖੀ, ਜਿਸ ਕਾਰਨ ਉਨ੍ਹਾਂ ਨੂੰ ਰੂਪੋਸ਼ ਹੋਣਾ ਪਿਆ ਹੈ। ਸੀਆਈਏ ਮਹਿਣਾ ਦੇ ਮੁਖੀ ਦਲਜੀਤ ਸਿੰਘ ਨੇ ਲੱਖਾ ਸਿਧਾਣਾ ਅਤੇ ਉਸਦੇ ਦੋ ਹੋਰ ਸਾਥੀਆਂ ਦੀ ਸੀਆਈਏ ਸਟਾਫ਼ ਵਿੱਚ ਰੱਖੇ ਜਾਣ ਦੀ ਪੁਸ਼ਟੀ ਕੀਤੀ ਹੈ।
Advertisement
Tags :
punjab news
Show comments