ਸਤਲੁਜ ’ਚ ਪਾਣੀ ਦਾ ਪੱਧਰ ਚਾਲੀ ਹਜ਼ਾਰ ਕਿਊਸਿਕ ਤੋਂ ਹੇਠਾਂ ਪੁੱਜਾ
ਪਿਛਲੇ ਕਈ ਦਿਨਾਂ ਤੋਂ ਖ਼ਤਰੇ ਦੇ ਨਿਸ਼ਾਨ ਦੇ ਬਰਾਬਰ ਚੱਲ ਰਹੇ ਸਤਲੁਜ ਦਰਿਆ ਦੇ ਪਾਣੀ ਨੇ ਅੱਜ ਕੁੱਝ ਰਾਹਤ ਦਿੱਤੀ ਹੈ। ਹਾਲਾਂਕਿ, ਪਾਣੀ ਦਾ ਵਹਾਅ ਪਹਿਲਾਂ ਵਾਂਗ ਹੀ ਤੇਜ਼ ਹੈ। ਪ੍ਰਸ਼ਾਸਨ, ਫ਼ੌਜ ਅਤੇ ਐਨਡੀਆਰਐਫ ਦੇ ਨਾਲ-ਨਾਲ ਪਿੰਡ ਵਾਸੀਆਂ ਦੀ ਮਦਦ ਨਾਲ ਬੰਨ੍ਹਾਂ ਨੂੰ ਮਜ਼ਬੂਤ ਕਰ ਰਿਹਾ ਹੈ, ਪਰ ਸਥਿਤੀ ਅਜਿਹੀ ਬਣ ਗਈ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਕਾਰਨ ਹੇਠਲਾ ਹਿੱਸਾ ਖੋਖਲਾ ਹੋ ਗਿਆ ਹੈ ਅਤੇ ਪਾਣੀ ਦਾ ਤੇਜ਼ ਵਹਾਅ ਨੁਕਸਾਨ ਕਰ ਰਿਹਾ ਹੈ।
ਜਾਣਕਾਰੀ ਮੁਤਾਬਕ ਅੱਜ ਸਵੇਰੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਆਪਣੀ ਪ੍ਰਸ਼ਾਸਨਿਕ ਟੀਮ ਨਾਲ ਪਿੰਡ ਸਸਰਾਲੀ ਦੇ ਧੁੱਸੀ ਬੰਨ੍ਹ ਅਤੇ ਗੜ੍ਹੀ ਫਾਜ਼ਿਲ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਤਾਜ਼ਾ ਹਾਲਾਤ ਬਾਰੇ ਜਾਣਕਾਰੀ ਲਈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਹੁਣ ਡਰੋਨ ਰਾਹੀਂ ਨਿਗਰਾਨੀ ਕਰਨ ਦੀਆਂ ਤਿਆਰੀ ਕੀਤੀ ਹੈ। ਡੀਸੀ ਨੇ ਅੱਜ ਡਰੋਨ ਰਾਹੀਂ ਵੀ ਸਥਿਤੀ ਦੇਖੀ। ਆਲੇ-ਦੁਆਲੇ ਦੇ ਪਿੰਡਾਂ ਵਿੱਚ ਪਾਣੀ ਦੇ ਪੱਧਰ ਅਤੇ ਪਾਣੀ ਦੀ ਸਥਿਤੀ ਦੀ ਜਾਂਚ ਕੀਤੀ ਗਈ। ਡੀਸੀ ਨੇ ਪਿੰਡ ਵਾਸੀਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਇਸ ਦੇ ਨਾਲ ਹੀ ਸਤੁਲਜ ’ਚ ਪਾਣੀ ਦਾ ਪੱਧਰ 40 ਹਜ਼ਾਰ ਕਿਊਸਿਕ ਤੋਂ ਥੱਲੇ ਆ ਗਿਆ ਹੈ।
ਪਿੰਡ ਸਸਰਾਲੀ ਦੇ ਨਾਲ-ਨਾਲ ਗੜ੍ਹੀ ਫਾਜ਼ਲ ਪਿੰਡ ਦੇ ਨੇੜੇ ਪਾਣੀ ਦੇ ਤੇਜ਼ ਵਹਾਅ ਨੇ ਕਮਜ਼ੋਰ ਬੰਨ੍ਹ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਚਿੰਤਾ ਵਿੱਚ ਹਨ। ਜ਼ਿਲ੍ਹਾ ਪ੍ਰਸ਼ਾਸਨ ਡਰੋਨ ਦੀ ਮਦਦ ਨਾਲ ਦਰਿਆ ਅਤੇ ਪੇਂਡੂ ਖੇਤਰਾਂ ਦੇ ਪਾਣੀ ਦੇ ਪੱਧਰ ਦੀ ਨਿਗਰਾਨੀ ਕਰ ਰਿਹਾ ਹੈ। ਪਿੰਡ ਅਲਾਵਲ, ਸਸਰਾਲੀ, ਦੁੱਲੇਵਾਲ, ਤਲਵੰਡੀ ਨੌਬਾਦ ਅਤੇ ਗੜ੍ਹੀ ਫਾਜ਼ਿਲ ਦੇ ਲੋਕਾਂ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਕਾਰਨ ਉਨ੍ਹਾਂ ਦੇ ਇਲਾਕੇ ਦੇ ਬੰਨ੍ਹ ਬਹੁਤ ਕਮਜ਼ੋਰ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਮਾਈਨਿੰਗ ਗਤੀਵਿਧੀਆਂ ਨੇ ਦਰਿਆ ਦਾ ਪੱਧਰ ਘਟਾ ਦਿੱਤਾ ਹੈ ਜਿਸ ਕਾਰਨ ਧੁੱਸੀ ਬੰਨ੍ਹ ਕਮਜ਼ੋਰ ਹੋ ਗਏ ਹਨ ਅਤੇ ਮੌਨਸੂਨ ਦੌਰਾਨ ਟੁੱਟਣ ਦਾ ਖ਼ਤਰਾ ਵੱਧ ਗਿਆ ਹੈ। ਲੁਧਿਆਣਾ ਦੀ ਗੱਲ ਕਰੀਏ ਤਾਂ ਸਤਲੁਜ ਨੇ ਰਾਹੋਂ ਰੋਡ ’ਤੇ ਸਥਿਤ ਪਿੰਡਾਂ ਵਿੱਚ 350 ਦੇ ਕਰੀਬ ਖੇਤਾਂ ਵਿੱਚ ਪਾਣੀ ਦੀ ਮਾਰ ਮਾਰੀ ਹੈ। ਹੜ੍ਹ ਦੀ ਸਥਿਤੀ ਦੌਰਾਨ ਇਹ ਖੇਤ ਪਾਣੀ ਵਿੱਚ ਡੁੱਬ ਗਏ ਸਨ। ਹੁਣ ਜਦੋਂ ਪਾਣੀ ਦਾ ਪੱਧਰ ਘਟ ਗਿਆ ਹੈ ਤਾਂ ਇਨ੍ਹਾਂ ਖੇਤਾਂ ’ਚ ਰੇਤ ਹੀ ਰੇਤ ਹੈ ਜਿਸ ਨੂੰ ਕੱਢਣ ਵਿੱਚ ਬਹੁਤ ਸਮਾਂ ਲੱਗੇਗਾ ਜਦਕਿ ਫ਼ਸਲ ਤਾਂ ਬਿਲਕੁਲ ਖਤਮ ਹੋ ਗਈ ਹੈ। ਇਸ ਦੌਰਾਨ ਗੜ੍ਹੀ ਫਾਜ਼ਿਲ ਇਲਾਕੇ ਦੇ ਰਹਿਣ ਵਾਲੇ ਜਸਪਾਲ ਸਿੰਘ ਨੇ ਕਿਹਾ ਕਿ ਦਸ ਦਿਨਾਂ ਵਿੱਚ ਦੋ ਵਾਰ ਬੰਨ੍ਹ ਦਾ ਕੁੱਝ ਹਿੱਸਾ ਟੁੱਟਿਆ ਸੀ, ਉਨ੍ਹਾਂ ਨੇ ਅਧਿਕਾਰੀਆਂ ਨੂੰ ਪਹਿਲਾਂ ਹੀ ਖ਼ਤਰੇ ਬਾਰੇ ਸੂਚਿਤ ਕਰ ਦਿੱਤਾ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਪੂਰਾ ਪਿੰਡ ਖ਼ਤਰੇ ਵਿੱਚ ਹੈ।
ਸਥਿਤੀ ਕਾਬੂ ਹੇਠ ਹੈ: ਡੀਸੀ
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਇਸ ਵੇਲੇ ਟੀਮਾਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀਆਂ ਹਨ। ਦਰਿਆ ਦੇ ਕੰਢੇ ਸਥਿਤ ਪਿੰਡਾਂ ਦੀ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ।