ਨਸ਼ਿਆਂ ਵਿਰੁੱਧ ਜੰਗ: ਪੁਲੀਸ ਵੱਲੋਂ ਮਸ਼ਕੂਕਾਂ ਦੇ ਘਰਾਂ ’ਤੇ ਛਾਪੇ
ਗਗਨਦੀਪ ਅਰੋੜਾ
ਲੁਧਿਆਣਾ, 1 ਮਾਰਚ
ਸਨਅਤੀ ਸ਼ਹਿਰ ਦੀ ਪੁਲੀਸ ਨੇ ਸੂਬਾ ਸਰਕਾਰ ਤੋਂ ਮਿਲੇ ਹੁਕਮਾਂ ਬਾਅਦ ਅੱਜ ਸ਼ਹਿਰ ਵਿੱਚ ਨਸ਼ਿਆ ਵਿਰੁੱਧ ਜੰਗ ਦੀ ਸ਼ੁਰੂਆਤ ਕੀਤੀ। ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਦੀ ਅਗਵਾਈ ਵਿੱਚ ਲੁਧਿਆਣਾ ਪੁਲੀਸ ਦੀ ਟੀਮ ਨੇ ਛੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਮੁਹਿੰਮ ਦੌਰਾਨ ਪੁਲੀਸ ਨੇ 18 ਕੇਸ ਦਰਜ ਕੀਤੇ ਤੇ 34 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 804 ਗ੍ਰਾਮ ਹੈਰੋਇਨ, 1850 ਨਸ਼ੀਲੀਆਂ ਗੋਲੀਆਂ, 50 ਟੀਕੇ, 21 ਗ੍ਰਾਮ ਨਸ਼ੀਲਾ ਪਾਊਡਰ, 700 ਗ੍ਰਾਮ ਚਰਸ ਤੇ ਇੱਕ ਕਾਰ ਬਰਾਮਦ ਕੀਤੀ ਹੈ। ਵੱਡੀ ਗਿਣਤੀ ਪੁਲੀਸ ਨੇ ਅੱਜ ਸ਼ਹਿਰ ਦੇ ਮਾਡਲ ਟਾਊਨ ਦੇ ਅੰਬੇਡਕਰ ਨਗਰ ਇਲਾਕੇ ਵਿੱਚ ਤਲਾਸ਼ੀ ਲਈ। । ਇਸ ਮੌਕੇ ਇਲਾਕਾ ਵਾਸੀਆਂ ਨੇ ਨਸ਼ਾ ਵੇਚਣ ਵਾਲਿਆਂ ਦੀ ਨਿਸ਼ਾਨਦੇਹੀ ਵੀ ਕੀਤੀ ਜਿਸ ਮਗਰੋਂ ਪੁਲੀਸ ਕਮਿਸ਼ਨਰ ਨੇ ਸੀਨੀਅਰ ਅਧਿਕਾਰੀਆਂ ਨੂੰ ਜਾਂਚ ਦੇ ਨਿਰਦੇਸ਼ ਦਿੱਤੇ। ਡਿਵੀਜ਼ਨ 4, ਸਾਹਨੇਵਾਲ, ਦੁੱਗਰੀ ਅਤੇ ਮਾਡਲ ਟਾਊਨ ਸਮੇਤ ਛੇ ਇਲਾਕਿਆਂ ’ਚ ਜਾਂਚ ਕੀਤੀ ਗਈ।
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ) : ਮਾਲੇਰਕੋਟਲਾ ਜ਼ਿਲ੍ਹੇ ਦੇ ਸਬ-ਡਿਵੀਜ਼ਨ ਅਹਿਮਦਗੜ੍ਹ ਅਧੀਨ ਪੈਂਦੀਆਂ ਕਰੀਬ ਇੱਕ ਦਰਜਨ ਬਸਤੀਆਂ ਦੇ ਸ਼ੱਕੀ ਨਸ਼ਾ ਤਸਕਰਾਂ ਦੇ ਪਰਿਵਾਰਾਂ ਨੂੰ ਅੱਜ ਤੜਕਸਾਰ ਪੁਲੀਸ ਨੇ ਘੇਰ ਕੇ ਤਲਾਸ਼ੀ ਲੈਣ ਤੋਂ ਬਾਅਦ ਚਿਤਾਵਨੀ ਦਿੱਤੀ ਕਿ ਜਾਂ ਤਾਂ ਉਹ ਨਸ਼ਿਆਂ ਦਾ ਵਪਾਰ ਬੰਦ ਕਰ ਦੇਣ ਜਾਂ ਫੇਰ ਨਸ਼ਿਆਂ ਦੀ ਕਮਾਈ ਨਾਲ ਬਣੀਆਂ ਜਾਇਦਾਦਾਂ ਢਾਹ ਦਿੱਤੀਆਂ ਜਾਣਗੀਆਂ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸ਼ੱਕੀ ਵਿਅਕਤੀਆਂ ਅਤੇ ਪਰਿਵਾਰਕ ਮੈਂਬਰਾਂ ਤੋਂ ਨਸ਼ਿਆਂ ਦੀ ਤਸਕਰੀ ਸਬੰਧੀ ਪੜਤਾਲ ਸ਼ੁਰੂ ਕੀਤੀ ਗਈ ਹੈ। ਇਸ ਦਰਮਿਆਨ ਪੁਲੀਸ ਨੇ ਰਵਾਇਤੀ ਢੰਗ ਨਾਲ ਕੀਤੀ ਜਾਣ ਵਾਲੀ ਘੇਰਾਬੰਦੀ ਕਰਕੇ ਤਲਾਸ਼ੀ ਦੀ ਮੁਹਿੰਮ ਦੇ ਨਾਲ ਨਾਲ ਸ਼ਹਿਰਾਂ ਤੇ ਪਿੰਡਾਂ ਤੋਂ ਬਾਹਰ ਰੇਲਵੇ ਲਾਈਨਾਂ, ਸੜਕਾਂ ਅਤੇ ਪੁਲਾਂ ਆਦਿ ਨੇੜੇ ਖਾਲੀ ਪਈਆਂ ਇਮਾਰਤਾਂ ਦੀ ਵੀ ਤਲਾਸ਼ੀ ਸ਼ੁਰੂ ਕੀਤੀ ਹੈ ਜੋ ਕਿ ਨਸ਼ੇੜੀਆਂ, ਤਸਕਰਾਂ ਅਤੇ ਭੈੜੇ ਅਨਸਰਾਂ ਵੱਲੋਂ ਆਪਣਾ ਗੈਰ ਸਮਾਜਿਕ ਮਕਸਦ ਪੂਰਾ ਕਰਨ ਲਈ ਵਰਤੀਆਂ ਜਾਂਦੀਆਂ ਹਨ। ਡੀਐੱਸਪੀ ਬੈਂਸ ਨੇ ਦੱਸਿਆ ਕਿ ਪੁਲੀਸ ਕਪਤਾਨ ਮਾਲੇਰਕੋਟਲਾ ਗਗਨ ਅਜੀਤ ਸਿੰਘ ਤੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਵਿੱਚ ਅੱਜ ਸੁਖਦੇਵ ਨਗਰ, ਦਲੀਜ ਰੋਡ, ਮਹੇਰਨਾ, ਰਸੂਲਪੁਰ, ਮਲਿਕਪੁਰ ਅਤੇ ਛੰਨਾ ਆਦਿ ਪਿੰਡਾਂ ਦੇ ਕੁੱਝ ਘਰਾਂ ਤੇ ਖਾਲੀ ਇਮਾਰਤਾਂ ਦੀ ਤਲਾਸ਼ੀ ਲਈ ਗਈ ਸੀ।
ਮੁੱਲਾਂਪੁਰ ਦਾਖਾ (ਜਸਬੀਰ ਸ਼ੇਤਰਾ): ਜ਼ਿਲ੍ਹਾ ਲੁਧਿਆਣਾ (ਦਿਹਾਤੀ) ਪੁਲੀਸ ਨੇ ਅੱਜ ਮੁੱਲਾਂਪੁਰ ਦਾਖਾ ਵਿੱਚ ਵੀ ਤਲਾਸ਼ੀ ਮੁਹਿੰਮ ਚਲਾਈ। ਜ਼ਿਲ੍ਹਾ ਪੁਲੀਸ ਮੁਖੀ ਡਾ. ਅੰਕੁਰ ਗੁਪਤਾ ਖੁਦ ਇਸ ਦੀ ਅਗਵਾਈ ਕਰ ਰਹੇ ਸਨ ਅਤੇ ਥਾਣਾ ਦਾਖਾ ਦੇ ਡੀਐੱਸਪੀ ਵਰਿੰਦਰ ਸਿੰਘ ਖੋਸਾ ਵੀ ਪੁਲੀਸ ਫੋਰਸ ਨਾਲ ਮੌਜੂਦ ਸਨ। ਇਸ ਮੌਕੇ ਸ਼ੱਕੀ ਅਤੇ ਅਪਰਾਧਕ ਪਿਛੋਕੜ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਗਈ। ਸ਼ਹਿਰ ਦੇ ਪ੍ਰੇਮ ਨਗਰ, ਦੀਪ ਨਗਰ ਤੇ ਹੋਰ ਥਾਵਾਂ ’ਤੇ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਹੋਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਕੀਤੀ ਹੋਈ ਕਮਾਈ ਦੁਆਰਾ ਬਣਾਈ ਗਈ ਜਾਇਦਾਦ ਦੀ ਸ਼ਨਾਖਤ ਕਰਕੇ ਉਸਨੂੰ ਕਾਨੂੰਨ ਅਨੁਸਾਰ ਜ਼ਬਤ ਕੀਤਾ ਜਾਵੇਗਾ।
ਖੰਨਾ/ਪਾਇਲ (ਜੋਗਿੰਦਰ ਸਿੰਘ ਓਬਰਾਏ/ਦੇਵਿੰਦਰ ਜੱਗੀ): ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਵਿੱਢੀ ਮੁਹਿੰਮ ਨੂੰ ਅੱਗੇ ਤੋਰਦਿਆਂ ਪੁਲਿਸ ਜ਼ਿਲ੍ਹਾ ਖੰਨਾ ਦੀ ਐੱਸਐੱਸਪੀ ਡਾ. ਜੋਤੀ ਯਾਦਵ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਨੇ ਅੱਜ ਖੰਨਾ, ਸਮਰਾਲਾ ਤੇ ਪਾਇਲ ਵਿੱਚ ਪੰਜ ਸ਼ੱਕੀ ਟਿਕਾਣਿਆਂ ’ਤੇ ਘੇਰਾਬੰਦੀ ਕਰ ਕੇ ਤਲਾਸ਼ੀ ਲਈ। ਇਸ ਮੌਕੇ ਡੀਆਈਜੀ ਲੁਧਿਆਣਾ ਰੇਂਜ ਨੀਲੰਬਰੀ ਜਗਦਲੇ ਵੀ ਮੌਜੂਦ ਸਨ। ਐੱਸਐੱਸਪੀ ਯਾਦਵ ਨੇ ਦੱਸਿਆ ਕਿ ਵਿਸ਼ੇਸ਼ ਟੀਮ ਵਿੱਚ 6 ਡੀਐੱਸਪੀ, 7 ਐੱਸਐੱਚਓ, 13 ਤੋਂ ਵੱਧ ਟੀਮਾਂ ਵਿੱਚ 165 ਮੁਲਾਜ਼ਮ ਆਪਣੇ ਇੰਚਾਰਜਾਂ ਦੀ ਅਗਵਾਈ ਹੇਠ ਸ਼ਾਮਲ ਸਨ ਜਿਨ੍ਹਾਂ ਨੂੰ ਪੀਓ, ਸੂਚੀਬੱਧ ਨਸ਼ਾ ਤਸਕਰਾਂ ਤੇ ਲੋੜੀਂਦੇ ਅਪਰਾਧੀਆਂ ਸਬੰਧੀ ਖਾਸ ਟੀਚੇ ਦਿੱਤੇ ਗਏ ਸਨ। ਇਸ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਲਈ ਪੇਸ ਅਤੇ ਵਾਹਨ ਵਰਗੀਆਂ ਐਪ ਦੀ ਵਰਤੋਂ ਕੀਤੀ ਗਈ। ਇਸ ਮੌਕੇ 66 ਸ਼ੱਕੀ ਵਿਅਕਤੀਆਂ ਦੀ ਪੁੱਛ-ਪੜਤਾਲ ਅਤੇ 35 ਵਾਹਨਾਂ ਦੀ ਜਾਂਚ ਕੀਤੀ ਗਈ। ਇਸ ਮੌਕੇ 14 ਸਮਾਜ ਵਿਰੋਧੀ ਅਨਸਰ ਗ੍ਰਿਫ਼ਤਾਰ ਵੀ ਕੀਤੇ ਗਏ, ਜਿਨ੍ਹਾਂ ਵਿੱਚੋਂ 4 ’ਤੇ ਚੋਰੀ ਅਤੇ 10 ’ਤੇ ਨਸ਼ਾ ਤਸਕਰੀ ਦਾ ਦੋਸ਼ ਹੈ।
ਮਾਛੀਵਾੜਾ ਵਿੱਚ ਘਰ ’ਚ ਤਲਾਸ਼ੀ ਲੈਂਦੇ ਹੋਏ ਪੁਲੀਸ ਮੁਲਾਜ਼ਮ। ਸਮਰਾਲਾ ਸਬ-ਡਿਵੀਜ਼ਨ ’ਚੋਂ ਨਸ਼ਾ ਤਸਕਰ ਖਦੇੜ ਦਿਆਂਗਾ: ਡੀਐੱਸਪੀ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਜੋਤੀ ਯਾਦਵ ਦੇ ਨਿਰਦੇਸ਼ਾਂ ਤਹਿਤ ਮਾਛੀਵਾੜਾ ਪੁਲੀਸ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ ਜਿਸ ਦੀ ਅਗਵਾਈ ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਨੇ ਕੀਤੀ। ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਭਾਰੀ ਫੋਰਸ ਬਲ ਸਮੇਤ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਛਾਪਾਮਾਰੀ ਕੀਤੀ ਅਤੇ ਤਲਾਸ਼ੀ ਲਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਸਰਕਾਰ ਦੇ ਸਖ਼ਤ ਨਿਰਦੇਸ਼ ਹਨ ਕਿ ਨਸ਼ਿਆਂ ਨੂੰ ਮੁਕੰਮਲ ਤੌਰ ’ਤੇ ਨੱਥ ਪਾਈ ਜਾਵੇ, ਇਸ ਲਈ ਸਮਰਾਲਾ ਸਬ ਡਵੀਜ਼ਨ ’ਚੋਂ ਨਸ਼ਾ ਤਸਕਰਾਂ ਨੂੰ ਪੂਰੀ ਤਰ੍ਹਾਂ ਖਦੇੜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਤਹਿਤ ਜਿਨ੍ਹਾਂ ਵੀ ਨਸ਼ਾ ਤਸਕਰਾਂ ਨੇ ਨਸ਼ੇ ਵੇਚ ਕੇ ਜਾਇਦਾਦਾਂ ਬਣਾਈਆਂ ਹਨ ਉਨ੍ਹਾਂ ਨੂੰ ਜਾਂ ਤਾਂ ਜ਼ਬਤ ਕੀਤਾ ਜਾਵੇਗਾ ਜਾਂ ਢਾਹ ਦਿੱਤਾ ਜਾਵੇਗਾ ਜਿਸ ਸਬੰਧੀ ਸਮਰਾਲਾ ਸਬ-ਡਿਵੀਜ਼ਨ ਵਿਚ ਵੀ ਜਲਦ ਇਹ ਕਾਰਵਾਈ ਕੀਤੀ ਜਾਵੇਗੀ। ਡੀਐੱਸਪੀ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਗੈਰ ਕਾਨੂੰਨੀ ਧੰਦੇ ਬੰਦ ਕਰ ਦੇਣ ਨਹੀਂ ਤਾਂ ਸਖ਼ਤ ਕਾਰਵਾਈ ਕਰਦਿਆਂ ਜੇਲ੍ਹਾਂ ’ਚ ਵੀ ਡੱਕਾਂਗੇ ਅਤੇ ਜਾਇਦਾਦਾਂ ਵੀ ਜ਼ਬਤ ਕਰਾਂਗੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਪੁਲਸ ਦਾ ਸਹਿਯੋਗ ਦੇਣ, ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾ ਪੁਲੀਸ ਨੂੰ ਦੇਣ।
ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਨਾ ਦੇਣ ਦੀ ਅਪੀਲ
ਕੁੱਪ ਕਲਾਂ/ਅਹਿਮਦਗੜ੍ਹ (ਕੁਲਵਿੰਦਰ ਸਿੰਘ ਗਿੱਲ): ਅਹਿਮਦਗੜ੍ਹ ਸਦਰ ਦੀ ਪੁਲੀਸ ਨੇ ਅੱਜ ਡੀਐੱਸਪੀ ਰਣਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਪਿੰਡਾਂ ਵਿੱਚ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ। ਪਿੰਡ ਖਾਨਪੁਰ ਵਿੱਚ ਤਲਾਸੀ ਮੁਹਿੰਮ ਦੌਰਾਨ ਐੱਸਐੱਚਓ ਅਦਿੱਤਿਆ ਸ਼ਰਮਾ ਅਤੇ ਐੱਸਐੱਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਹਿਮਦਗੜ੍ਹ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਾ ਵੇਚਣ ਵਾਲੇ ਵਿਅਕਤੀਆਂ ਜਿਨ੍ਹਾਂ ’ਤੇ ਪਹਿਲਾਂ ਹੀ ਕਈ ਪਰਚੇ ਦਰਜ ਹਨ, ਪਰ ਉਹ ਨਸ਼ਾ ਵੇਚਣ ਤੋਂ ਬਾਜ਼ ਨਹੀਂ ਆਉਂਦੇ ਉਨ੍ਹਾਂ ਦੇ ਘਰਾਂ ’ਚ ਤਲਾਸ਼ੀ ਲਈ ਗਈ ਹੈ ਤੇ ਨੂੰ ਤਾੜਨਾ ਵੀ ਕੀਤੀ ਗਈ ਹੈ ਜੇਕਰ ਉਹ ਨਸ਼ਾ ਵੇਚਣ ਤੋਂ ਨਹੀਂ ਹਟਦੇ ਤਾਂ ਉਨ੍ਹਾਂ ਦੀਆਂ ਜਾਇਦਾਤਾਂ ਤਸਦੀਕ ਕਰਵਾ ਕੇ ਜ਼ਬਤ ਕੀਤੀਆਂ ਜਾਣਗੀਆਂ ਤੇ ਮਕਾਨ ਢਾਹ ਦਿੱਤੇ ਜਾਣਗੇ। ਇਸ ਮੌਕੇ ਡੀਐੱਸਪੀ ਬੈਂਸ ਨੇ ਲੋਕਾਂ ਨੂੰ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਨਾ ਦੇਣ ਦੀ ਅਪੀਲ ਕੀਤੀ।