ਭਾਰੀ ਆਵਾਜਾਈ ਰੋਕਣ ਲਈ ਸਤਲੁਜ ਪੁਲ ’ਤੇ ਕੰਧ ਬਣਾਈ
ਦੋਆਬੇ ਤੇ ਮਾਲਵਾ ਨੂੰ ਜੋੜਦਾ ਸਤਲੁਜ ਦਰਿਆ ’ਤੇ ਬਣੇ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਦੇ ਦੋਵੇਂ ਪਾਸੇ ਪ੍ਰਸ਼ਾਸਨ ਵੱਲੋਂ ਬੀਤੀ ਰਾਤ ਪੱਕੀ ਕੰਧ ਬਣਾ ਦਿੱਤੀ ਗਈ ਹੈ ਤਾਂ ਜੋ ਭਾਰੀ ਆਵਾਜਾਈ ਨੂੰ ਰੋਕਿਆ ਜਾ ਸਕੇ। ਦੱਸਣਯੋਗ ਹੈ ਕਿ ਪੁਲ ਦੀ ਸਲੈਬ ਧਸਣ ਕਾਰਨ ਨਵਾਂਸ਼ਹਿਰ ਪ੍ਰਸ਼ਾਸਨ ਵੱਲੋਂ ਇਹ ਪੁਲ ਭਾਰੀ ਆਵਾਜਾਈ ਲਈ ਬੰਦ ਕੀਤਾ ਹੋਇਆ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਰੇਤ ਦੇ ਭਰੇ ਟਿੱਪਰ ਅਤੇ ਹੋਰ ਭਾਰੀ ਵਾਹਨ ਇਥੋਂ ਲਗਾਤਾਰ ਗੁਜ਼ਰਨ ਕਾਰਨ ਨਵਾਂਸ਼ਹਿਰ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ।
ਸਾਲ 2004 ਵਿੱਚ ਬਣ ਕੇ ਤਿਆਰ ਹੋਏ ਇਸ ਪੁਲ ਦੀ ਸਲੈਬ ਤਿੰਨ ਵਾਰ ਧਸ ਚੁੱਕੀ ਹੈ ਅਤੇ ਇਸ ਦੀ ਮੁਰੰਮਤ ਕਰਕੇ ਮੁੜ ਇਸ ਨੂੰ ਚਾਲੂ ਕਰ ਦਿੱਤਾ ਜਾਂਦਾ ਸੀ ਪਰ ਹੁਣ ਪਿਛਲੇ ਸਾਲ 2024 ਦੇ ਅਕਤੂਬਰ ਮਹੀਨੇ ਤੋਂ ਧਸੀ ਸਲੈਬ ਦੀ ਹਾਲੇ ਤੱਕ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਸਤਲੁਜ ਦਰਿਆ ਦੇ ਪੁਲ ਦੀ ਮੁਰੰਮਤ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਰੁੜਕੀ ਆਈ ਟੀ ਵਿੰਗ ਨੂੰ ਪੱਤਰ ਭੇਜਿਆ ਗਿਆ ਸੀ ਕਿ ਕਿਸ ਤਕਨੀਕ ਨਾਲ ਇਸ ਦੀ ਮੁਰੰਮਤ ਕੀਤੀ ਜਾਵੇ ਪਰ ਉਨ੍ਹਾਂ ਵਲੋਂ ਪੱਤਰ ਭੇਜ ਕੇ ਜਵਾਬ ਦਿੱਤਾ ਗਿਆ ਕਿ ਇਸ ਪੁਲ ਦੀ ਸਲੈਬ ਦੀ ਮੁਰੰਮਤ ਕਰਨ ਨਾਲ ਕੰਮ ਨਹੀਂ ਚੱਲੇਗਾ ਬਲਕਿ ਪਿੱਲਰਾਂ ਉੱਪਰ ਬਣੀ ਸੀਮਿੰਟ ਦੇ ਗਾਰਡਰ ਵਾਲੀ ਸਲੈਬ ਦੀ ਵੀ ਮੁਰੰਮਤ ਕਰਨੀ ਹੋਵੇਗੀ। ਰੁੜਕੀ ਆਈ ਟੀ ਵਿੰਗ ਵੱਲੋਂ ਆਏ ਪੱਤਰ ਨੂੰ ਵੀ ਕਈ ਮਹੀਨੇ ਬੀਤ ਗਏ ਪਰ ਹਾਲੇ ਤੱਕ ਇਸ ਦੀ ਮੁਰੰਮਤ ਸ਼ੁਰੂ ਨਾ ਹੋਈ। ਇੱਕ ਹਫ਼ਤਾ ਪਹਿਲਾਂ ਜਦੋਂ ਹੜ੍ਹਾਂ ਤੋਂ ਬਾਅਦ ਰੇਤ ਦੇ ਭਰੇ ਟਿੱਪਰ ਲੰਘਣੇ ਸ਼ੁਰੂ ਹੋਏ ਅਤੇ ਨਾਲ ਹੀ ਗੋਬਿੰਦਗੜ੍ਹ ਤੋਂ ਸਰੀਆ ਤੇ ਹੋਰ ਵਸਤੂਆਂ ਨਾਲ ਭਰੇ ਭਾਰੇ ਵਾਹਨ ਵੀ ਗੁਜ਼ਰਨ ਲੱਗ ਪਏ ਜਿਸ ਨਾਲ ਇਸ ਪੁਲ ਦੀ ਹੋਂਦ ਨੂੰ ਵੱਡਾ ਖ਼ਤਰਾ ਖੜਾ ਹੋ ਗਿਆ। ਅਖ਼ਬਾਰਾਂ ਦੀਆਂ ਸੁਰਖ਼ੀਆਂ ਜਦੋਂ ਨਵਾਂਸ਼ਹਿਰ ਪ੍ਰਸ਼ਾਸਨ ਤੱਕ ਪੁੱਜੀਆਂ ਤਾਂ ਉਨ੍ਹਾਂ ਪੁਲ ਦੇ ਦੋਵੇਂ ਪਾਸੇ ਪੱਕੀ ਦੀਵਾਰ ਬਣਾ ਦਿੱਤੀ ਜਿਸ ਰਾਹੀਂ ਕੇਵਲ 4 ਪਹੀਆ ਹਲਕੇ ਵਾਹਨ ਵੀ ਗੁਜ਼ਰ ਸਕਣਗੇ। ਮਾਲਵੇ ਤੋਂ ਦੋਆਬੇ ਨੂੰ ਜਾਣ ਵਾਲੇ ਭਾਰੀ ਵਾਹਨ ਅਤੇ ਹਿਮਾਚਲ ਪ੍ਰਦੇਸ਼ ਤੋਂ ਦੋਆਬੇ ਰਾਹੀਂ ਆਉਣ ਵਾਲੇ ਭਾਰੀ ਵਾਹਨ ਹੁਣ ਪੁਲ ਦੀ ਖਸਤਾ ਹਾਲਤ ਹੋਣ ਕਾਰਨ ਹੁਣ ਰੋਜ਼ਾਨਾ ਲੱਖਾਂ ਰੁਪਏ ਦਾ ਵਾਧੂ ਡੀਜ਼ਲ ਫੂਕ ਕੇ ਲੰਮਾਂ ਪੈਂਡਾ ਤੈਅ ਕਰਕੇ ਆਪਣੀ ਮੰਜ਼ਿਲ ’ਤੇ ਪਹੁੰਚਣਗੇ। ਭਾਰੀ ਵਾਹਨਾਂ ਦੀ ਆਵਾਜਾਈ ਮੁਕੰਮਲ ਤੌਰ ’ਤੇ ਬੰਦ ਹੋ ਜਾਣ ਤੋਂ ਬਾਅਦ ਖੰਨਾ ਤੋਂ ਲੈ ਕੇ ਨਵਾਂਸ਼ਹਿਰ ਤੱਕ ਰਸਤੇ ਵਿੱਚ ਬਣੇ ਪੈਟਰੋਲ ਪੰਪ, ਢਾਬਾ ਮਾਲਕ ਅਤੇ ਹੋਰ ਦੁਕਾਨਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਪਿਆ ਹੈ, ਇਸ ਲਈ ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਇਸ ਖਸਤਾ ਹਾਲਤ ਪੁਲ ਦੀ ਮੁਰੰਮਤ ਕਰ ਹਰੇਕ ਵਾਹਨ ਦੀ ਆਵਜਾਈ ਖੋਲ੍ਹੇ।
ਕਿਸਾਨਾਂ ਦੀਆਂ ਟਰਾਲੀਆਂ ਲੰਘਣ ’ਤੇ ਵੀ ਰੋਕ ਲੱਗੀ
ਸਤਲੁਜ ਦਰਿਆ ’ਤੇ ਬਣੇ ਪੁਲ ਉੱਪਰ ਪੱਕੀ ਕੰਧ ਕੀਤੇ ਜਾਣ ਤੋਂ ਬਾਅਦ ਜਿੱਥੇ ਭਾਰੀ ਆਵਾਜਾਈ ਮੁਕੰਮਲ ਤੌਰ ’ਤੇ ਬੰਦ ਹੋ ਗਈ ਹੈ, ਉੱਥੇ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਸਤਲੁਜ ਦਰਿਆ ਕਿਨਾਰੇ ਵੱਸਦੇ ਪਿੰਡਾਂ ਦੇ ਕਿਸਾਨ ਸੁਖਵਿੰਦਰ ਸਿੰਘ ਸੇਖਾ ਮਾਜਰਾ, ਜੋਗਿੰਦਰ ਸਿੰਘ ਨੀਲੋਂਵਾਲ, ਮਨਪ੍ਰੀਤ ਸਿੰਘ, ਰਾਜਪਾਲ ਸਿੰਘ ਗਿੱਲ, ਇੰਦਰਜੀਤ ਸਿੰਘ ਰਾਹੋਂ, ਹਰਪ੍ਰੀਤ ਸਿੰਘ ਉਧੋਵਾਲ ਨੇ ਕਿਹਾ ਕਿ ਉਨ੍ਹਾਂ ਦੀਆਂ ਜ਼ਮੀਨਾਂ ਸਤਲੁਜ ਦਰਿਆ ਦੇ ਇੱਧਰ ਵੀ ਹਨ ਅਤੇ ਦੂਸਰੇ ਪਾਸੇ ਵੀ ਹਨ। ਕਣਕ ਦੀ ਬਿਜਾਈ ਕਾਰਨ ਉਨ੍ਹਾਂ ਨੂੰ ਇਸ ਪੁਲ ਰਾਹੀਂ ਟਰੈਕਟਰ-ਟਰਾਲੀ ਤੇ ਹੋਰ ਸਾਮਾਨ ਰੋਜ਼ਾਨਾ ਲੈ ਕੇ ਜਾਣਾ ਪੈਂਦਾ ਹੈ ਪਰ ਪ੍ਰਸ਼ਾਸਨ ਨੇ ਪੱਕੀ ਦੀਵਾਰ ਕੀਤੇ ਜਾਣ ਕਾਰਨ ਉਨ੍ਹਾਂ ਦੇ ਵਾਹਨ ਨਹੀਂ ਲੰਘ ਰਹੇ ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਿਲ ਆ ਰਹੀ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਾਰੀ ਵਾਹਨ ਬੇਸ਼ੱਕ ਪੁਲ ਦੀ ਮੁਰੰਮਤ ਤੱਕ ਰੋਕ ਲਏ ਜਾਣ ਪਰ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਅਤੇ ਹੋਰ ਖੇਤੀਬਾੜੀ ਸਾਮਾਨ ਜਿਸ ਦੀ ਚੌੜਾਈ ਜ਼ਿਆਦਾ ਹੈ ਉਹ ਲੰਘਾਏ ਜਾਣ।
ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਕੰਧ ਬਣਾਈ: ਨਾਕਾ ਇੰਚਾਰਜ
ਹਾਈਟੈੱਕ ਨਾਕੇ ਦੇ ਇੰਚਾਰਜ ਰਾਮਪਾਲ ਨੇ ਕਿਹਾ ਕਿ ਭਾਰੀ ਵਾਹਨਾਂ ਦੀ ਆਵਾਜਾਈ ਨਾ ਰੁਕਣ ਕਾਰਨ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਦੀਆਂ ਹਦਾਇਤਾਂ ’ਤੇ ਇਹ ਕੰਧ ਉਸਾਰੀ ਗਈ ਹੈ। ਉਨ੍ਹਾਂ ਕਿਹਾ ਕਿ ਬੱਸਾਂ ਲਈ ਆਵਾਜਾਈ ਖੋਲ੍ਹ ਦਿੱਤੀ ਗਈ ਹੈ, ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਦਾ ਮਸਲਾ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਹੀ ਹੱਲ ਕਰ ਸਕਦੇ ਹਨ।
