ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਠੰਢ ਦਾ ਮੌਸਮ ਜਿਉਂ ਜਿਉਂ ਆਪਣੇ ਪੈਰ ਪਸਾਰ ਰਹੀ ਹੈ, ਤਿਉਂ ਤਿਉਂ ਪੀਏਯੂ ਵਿੱਚ ਧਰਨੇ ’ਤੇ ਬੈਠੇ ਨੌਜਵਾਨਾਂ ਵਿੱਚ ਸੰਘਰਸ਼ ਨੂੰ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰੱਖਣ ਦਾ ਜੋਸ਼ ਵਧਦਾ ਜਾ ਰਿਹਾ ਹੈ। ਅੱਜ ਇਸ ਧਰਨੇ ਦੇ 50ਵੇਂ ਦਿਨ ਵੀ ਵਿਦਿਆਰਥੀਆਂ ਨੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਵਧ ਰਹੀ ਠੰਢ ਵੀ ਉਨ੍ਹਾਂ ਦੇ ਜੋਸ਼ ਨੂੰ ਠੰਢਾ ਨਹੀਂ ਕਰ ਸਕਦੀ। ਉਨ੍ਹਾਂ ਦੁੱਖ ਪ੍ਰਗਟਾਇਆ ਕਿ ਇੰਨੇ ਦਿਨ ਧਰਨਾ ਦੇਣ ਦੇ ਬਾਵਜੂਦ ਕਿਸੇ ਨੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਉਨ੍ਹਾਂ ਨੂੰ ਨਾ ਕੋਈ ਢੁਕਵਾਂ ਜਵਾਬ ਦਿੱਤਾ ਗਿਆ ਅਤੇ ਨਾ ਹੀ ਲਿਖਤੀ ਭਰੋਸਾ ਦਿੱਤਾ ਗਿਆ। ਵਿਦਿਆਰਥੀ ਆਗੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਖੇਤੀਬਾੜੀ ਪ੍ਰਣਾਲੀ ਦੀ ਮਜ਼ਬੂਤੀ ਅਤੇ ਖੇਤੀਬਾੜੀ ਗਰੈਜੂਏਟਾਂ ਦੇ ਭਵਿੱਖ ਨੂੰ ਧੁੰਦਲਾ ਹੋਣ ਤੋਂ ਬਚਾਉਣ ਲਈ ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਸਬ ਇੰਸਪੈਕਟਰ, ਸੈਕਟਰੀ ਮਾਰਕੀਟ ਕਮੇਟੀ ਅਤੇ ਖੇਤੀਬਾੜੀ ਡਿਗਰੀ ਨਾਲ ਸਬੰਧਤ ਹੋਰ ਮਹਿਕਮਿਆਂ ਜਿਵੇਂ ਮਾਰਕਫੈੱਡ, ਪੰਜਾਬ ਐਗਰੋ, ਪਨਸੀਡ ਅਤੇ ਹੋਰਨਾਂ ਵਿੱਚ ਖਾਲੀ ਆਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਸਿਰਫ ਨੌਕਰੀਆਂ ਲਈ ਨਹੀਂ ਸਗੋਂ ਪੰਜਾਬ ਦੀ ਖੇਤੀਬਾੜੀ ਪ੍ਰਣਾਲੀ ਦੀ ਮਜ਼ਬੂਤੀ ਲਈ ਹੈ। ਜੇਕਰ ਖੇਤੀਬਾੜੀ ਦੇ ਵਿਭਾਗਾਂ ਵਿੱਚ ਅਹੁਦੇ ਹੀ ਖਾਲੀ ਰਹਿਣਗੇ ਤਾਂ ਸੂਬੇ ਦੀ ਖੇਤੀ ਪ੍ਰਣਾਲੀ ਕਿਵੇਂ ਚੱਲੇਗੀ।
