ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਲਈ ਵੋਟਾਂ ਅੱਜ
ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਚੋਣਾਂ ਵਿੱਚ ਕੁੱਲ 12,45,275 ਵੋਟਰ ਹਨ ਜਿਨ੍ਹਾਂ ਵਿੱਚ 6,62,498 ਪੁਰਸ਼, 5,82,762 ਔਰਤਾਂ ਅਤੇ 15 ਹੋਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵੋਟਿੰਗ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਲਗਭਗ 10,000 ਕਰਮਚਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਅਤੇ 1639 ਪੋਲਿੰਗ ਪਾਰਟੀਆਂ ਨੂੰ ਪੋਲਿੰਗ ਸਟੇਸ਼ਨਾਂ ’ਤੇ ਭੇਜਿਆ ਗਿਆ ਹੈ। ਕੁੱਲ 1639 ਪੋਲਿੰਗ ਬੂਥਾਂ ਵਿੱਚ 316 ਸੰਵੇਦਨਸ਼ੀਲ ਅਤੇ 92 ਅਤਿ-ਸੰਵੇਦਨਸ਼ੀਲ ਬੂਥ ਸ਼ਾਮਲ ਹਨ। ਚੋਣਾਂ ਲਈ ਕੁੱਲ 1178 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਸਨ ਜਿਨ੍ਹਾਂ ਵਿੱਚੋਂ 32 ਰੱਦ ਹੋ ਗਈਆਂ ਗਈਆਂ ਸਨ। ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ 890 ਉਮੀਦਵਾਰ ਬਚੇ ਸਨ ਜਿਨ੍ਹਾਂ ਵਿੱਚੋਂ ਪੰਜ ਬਿਨਾਂ ਮੁਕਾਬਲਾ ਚੁਣੇ ਗਏ ਸਨ। ਹੁਣ 885 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਮੁੱਚੇ ਚੋਣ ਅਮਲੇ ਨੂੰ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣ ਲਈ ਕਿਹਾ ਤਾਂ ਜੋ ਵੋਟਰ ਆਪਣੀ ਵੋਟ ਸੁਚਾਰੂ ਢੰਗ ਨਾਲ ਪਾ ਸਕਣ। ਉਨ੍ਹਾਂ ਪੋਲਿੰਗ ਪਾਰਟੀਆਂ ਨੂੰ ਇਸ ਪ੍ਰਕਿਰਿਆ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੋਲਿੰਗ ਪਾਰਟੀਆਂ ਅਤੇ ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਸਹੂਲਤ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਵੋਟਰਾਂ ਨੂੰ ਚੋਣਾਂ ਵਾਲੇ ਦਿਨ ਵੱਡੀ ਗਿਣਤੀ ਵਿੱਚ ਵੋਟ ਪਾ ਕੇ ਨਵਾਂ ਰਿਕਾਰਡ ਕਾਇਮ ਕਰਨ ਲਈ ਉਤਸ਼ਾਹਿਤ ਕੀਤਾ।
ਐੱਸ ਡੀ ਐੱਮ ਅਤੇ ਡੀ ਐੱਸ ਪੀ ਨੇ ਅਮਲੇ ਨੂੰ ਨਿਯਮਾਂ ਦਾ ਪਾਠ ਪੜ੍ਹਾਇਆਮੁੱਲਾਂਪੁਰ ਦਾਖਾ (ਚਰਨਜੀਤ ਸਿੰਘ ਢਿੱਲੋਂ): ਮੁੱਲਾਂਪੁਰ-ਦਾਖਾ ’ਚ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਚੋਣ ਬੂਥਾਂ ’ਤੇ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਅਮਲੇ ਨੂੰ ਸ਼ਾਂਤੀਪੂਰਵਕ ਅਤੇ ਨਿਰਵਿਘਨ ਢੰਗ ਨਾਲ ਵੋਟਾਂ ਪਵਾਉਣ ਲਈ ਨਿਯਮਾਂ ਦਾ ਪਾਠ ਪੜ੍ਹਾਇਆ ਗਿਆ। ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਦੀਆਂ ਹਦਾਇਤਾਂ ਤੇ ਪਹਿਰਾ ਦਿੰਦਿਆਂ ਡੀ ਐੱਸ ਪੀ ਵਰਿੰਦਰ ਖੋਸਾ ਨੇ ਜੀ ਟੀ ਬੀ ਕਾਲਜ ਕੈਂਪਸ’ਚ ਵੱਖ-ਵੱਖ ਬੂਥਾਂ ਤੇ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਦੀ ਨਸੀਹਤ ਦਿੱਤੀ। ਇਸ ਮੌਕੇ ਉਪ-ਮੰਡਲ ਮੈਜਿਸਟਰੇਟ ਉਪਿੰਦਰਜੀਤ ਕੌਰ ਬਰਾੜ ਨੇ ਵੀ ਵੋਟਾਂ ਪਵਾਉਣ ਲਈ ਬੂਥਾਂ ਵਿੱਚ ਤਾਇਨਾਤ ਅਮਲੇ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਲਾਂਪੁਰ ਦਾਖਾ ’ਚ ਕੁੱਲ 221 ਬੂਥਾਂ ਤੇ ਕੁੱਲ 1,72,585 ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ ਜਿਨ੍ਹਾਂ ਵਿੱਚ 91,252 ਮਰਦ ਅਤੇ 81333 ਔਰਤ ਵੋਟਰ ਹਨ। ਇਸ ਮੌਕੇ ਐੱਸ ਪੀ (ਡੀ) ਰਾਜਨ ਸ਼ਰਮਾ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ। ਇਸ ਦੌਰਾਨ ਅਫ਼ਸਰਾਂ ਦੀ ਟੀਮ ਨੇ ਸਾਰੇ ਬੂਥਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਐੱਸ ਪੀ (ਡੀ) ਰਾਜਨ ਸ਼ਰਮਾ ਨੇ ਆਖਿਆ ਕਿ ਵੋਟਾਂ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਪੁਲੀਸ ਟੁੱਕੜੀਆਂ ਤਿਆਰ-ਬਰ-ਤਿਆਰ ਹਨ।
