ਮਾਛੀਵਾੜਾ ਬਲਾਕ ’ਚ ‘ਵੋਟ ਚੋਰ ਗੱਦੀ ਛੋੜ’ ਮੁਹਿੰਮ ਸ਼ੁਰੂ
ਕਾਂਗਰਸ ਵੱਲੋਂ ਅੱਜ ਮਾਛੀਵਾੜਾ ਬਲਾਕ ਵਿੱਚ ‘ਵੋਟ ਚੋਰ ਗੱਦੀ ਛੋੜ’ ਮੁਹਿੰਮ ਸ਼ੁਰੂ ਕੀਤੀ ਗਈ। ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਅਤੇ ਸ਼ਹਿਰੀ ਪ੍ਰਧਾਨ ਐਡਵੋਕੇਟ ਕਪਿਲ ਆਨੰਦ ਦੀ ਅਗਵਾਈ ਹੇਠ ਇਸ ਮੁਹਿੰਮ ਦੀ ਸ਼ੁਰੂਆਤ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸ਼ਕਤੀ ਆਨੰਦ ਨੇ ਕਰਵਾਈ। ਸਾਬਕਾ ਚੇਅਰਮੈਨ ਸ਼ਕਤੀ ਆਨੰਦ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਹਾਈਕਮਾਂਡ ਨੇ ਦੇਸ਼ ਵਿਚ ਵੋਟ ਚੋਰੀ ਦਾ ਇੱਕ ਵੱਡਾ ਘਪਲਾ ਬੇਨਕਾਬ ਕੀਤਾ ਹੈ ਕਿ ਕਿਸ ਤਰ੍ਹਾਂ ਜਾਅਲੀ ਵੋਟਾਂ ਬਣਾ ਕੇ ਭਾਜਪਾ ਸੱਤਾ ’ਤੇ ਕਾਬਜ਼ ਹੋਈ ਬੈਠੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਹੁਣ ‘ਵੋਟ ਚੋਰ ਗੱਦੀ ਛੋੜ’ ਮੁਹਿੰਮ ਦੀ ਸ਼ੁਰੂਆਤ ਕਰਕੇ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਮਾਛੀਵਾੜਾ ਬਲਾਕ ਵਿਚ 5 ਹਜ਼ਾਰ ਫਾਰਮਾਂ ’ਤੇ ਦਸਤਖਤ ਕਰਵਾ ਕੇ ਕਾਂਗਰਸ ਹਾਈਕਮਾਂਡ ਨੂੰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਦੇਸ਼ ਵਿਚ ਇਕੱਤਰ ਕੀਤੇ ਗਏ ਸਾਰੇ ਫਾਰਮ ਚੋਣ ਕਮਿਸ਼ਨ ਨੂੰ ਭੇਜੇ ਜਾਣਗੇ ਤਾਂ ਜੋ ਇਸ ਵੱਡੀ ਵੋਟ ਚੋਰੀ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਜਾ ਸਕੇ। ਸ਼ਕਤੀ ਆਨੰਦ ਨੇ ਕਿਹਾ ਕਿ ਵੋਟ ਚੋਰੀ ਕਰਕੇ ਸੱਤਾ ਹਥਿਆਉਣਾ ਲੋਕਤੰਤਰ ਦਾ ਵੱਡਾ ਘਾਣ ਹੈੈ ਜਿਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ, ਇਸ ਲਈ ਮਾਛੀਵਾੜਾ ਬਲਾਕ ਦੇ ਵੋਟਰ ਇਸ ਮੁਹਿੰਮ ਵਿਚ ਸਾਥ ਦੇਣ। ਅੱਜ ਮਾਛੀਵਾੜਾ ਅਨਾਜ ਮੰਡੀ ਵਿਚ ਵੀ ਕਾਫ਼ੀ ਲੋਕਾਂ ਨੂੰ ਇਸ ਮੁਹਿੰਮ ਤਹਿਤ ਫਾਰਮ ਵੰਡੇ ਗਏ ਅਤੇ ਉਨ੍ਹਾਂ ਨੂੰ ਵੋਟ ਚੋਰੀ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਬਿੱਟੂ ਸਰਪੰਚ ਖਾਨਪੁਰ, ਮਿੰਟੂ ਗੁਲਾਟੀ ਵੀ ਹਾਜ਼ਰ ਸਨ।