ਅਖਾੜਾ ਬਾਇਓਗੈਸ ਫੈਕਟਰੀ ਬੰਦ ਕਰਾਉਣ ਲਈ ਪਿੰਡ ਵਾਸੀ ਸੜਕਾਂ ’ਤੇ
ਵੱਡੀ ਗਿਣਤੀ ਲੋਕਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
Advertisement
ਨੇੜਲੇ ਪਿੰਡ ਅਖਾੜਾ ਦੇ ਵਸਨੀਕ ਅੱਜ ਮੁੜ ਬਾਇਓਗੈਸ ਫੈਕਟਰੀ ਪੱਕੇ ਤੌਰ ’ਤੇ ਬੰਦ ਕਰਵਾਉਣ ਲਈ ਸੜਕਾਂ ’ਤੇ ਆ ਗਏ। ਬੱਦਲਾਂ ਤੇ ਕਿਣ-ਮਿਣ ਵਿੱਚ ਪਿੰਡ ਵਾਸੀ ਵੀ ਰੱਜ ਕੇ ਗੱਜੇ। ਵੈਸੇ ਤਾਂ ਇਹ ਸੰਘਰਸ਼ ਪਿਛਲੇ ਸਾਲ ਤੀਹ ਅਪਰੈਲ ਤੋਂ ਜਾਰੀ ਹੈ ਪਰ ਅੱਜ ਇਕ ਵਾਰ ਫੇਰ ਵੱਡਾ ਇਕੱਠ ਤੇ ਭਾਰੀ ਰੋਹ ਦੇਖਣ ਨੂੰ ਮਿਲਿਆ। ਇਸ ਸਮੇਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਬੀਬੀਆਂ ਨੇ ‘ਅਸੀਂ ਲੜਾਂਗੇ-ਅਸੀਂ ਜਿੱਤਾਂਗੇ’ ਅਤੇ ‘ਹਾਕਮ ਜਦੋਂ ਡਰਦਾ ਹੈ, ਪੁਲੀਸ ਨੂੰ ਅੱਗੇ ਕਰਦਾ ਹੈ’ ਵਰਗੇ ਨਾਅਰੇ ਲਾਏ। ਇਕੱਠ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਧੱਕੇ ਨਾਲ ਗੈਸ ਫੈਕਟਰੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਡਟ ਕੇ ਪਹਿਲਾਂ ਵਾਂਗ ਟਾਕਰਾ ਕੀਤਾ ਜਾਵੇਗਾ। ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਵਿੱਚ ਪਿੰਡ ਦੇ ਵੱਡੀ ਗਿਣਤੀ ਮਰਦਾਂ, ਔਰਤਾਂ ਤੇ ਬੱਚਿਆਂ ਨੇ ਪੂਰੇ ਜੋਸ਼ ਨਾਲ ਇਸ ਰੋਸ ਪ੍ਰਦਰਸ਼ਨ ਵਿੱਚ ਭਾਗ ਲਿਆਂ।ਪਿੰਡ ਦੇ ਸੰਤ ਗਿਆਨੀ ਗੁਰਬਚਨ ਸਿੰਘ ਗੇਟ ਤੋਂ ਚੱਲ ਕੇ ਸਾਰੇ ਪਿੰਡ ਦੀਆਂ ਗਲੀਆਂ ਵਿੱਚ ਮਾਰਚ ਕਰਦਿਆਂ ਬਾਬਾ ਸਾਹਿਬ ਸਿੰਘ ਬੇਦੀ ਗੇਟ ਪਹੁੰਚੇ ਜਿੱਥੇ ਰੈਲੀ ਕੀਤੀ ਗਈ। ਸੜਕ 'ਤੇ ਬੈਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਇਨਕਲਾਬੀ ਕੇਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਾਹਿਰ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਰਿਪੋਰਟ ਇੱਕਪਾਸੜ ਜਾਰੀ ਕਰਕੇ ਸੰਘਰਸ਼ਸ਼ੀਲ ਲੋਕਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਦਿੱਤਾ ਹੈ। ਤਾਲਮੇਲ ਕਮੇਟੀ ਮਹਿਸੂਸ ਕਰਦੀ ਹੈ ਕਿ ਮਾਹਿਰ ਕਮੇਟੀ ਦਾ ਬਹਿਸ ਮੁਬਾਹਸਾ ਸਿਰਫ਼ ਖਾਨਾਪੂਰਤੀ ਹੈ। ਅਸਲ ਵਿੱਚ ਪੰਜਾਬ ਸਰਕਾਰ ਦੋ ਚਾਰ ਫੈਕਟਰੀ ਮਾਲਕਾਂ ਪਿੱਛੇ ਹਜ਼ਾਰਾਂ ਲੋਕਾਂ ਦੀ ਬਲੀ ਦੇਣ ਚਾਹੁੰਦੀ ਹੈ ਜਿਸ ਦੀ ਇਜਾਜ਼ਤ ਕਦਾਚਿਤ ਨਹੀਂ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ਸ਼ੀਲ ਧਿਰ ਦੇ ਮਾਹਿਰਾਂ ਦੀਆਂ ਦਲੀਲਾਂ ਨੂੰ ਵਜ਼ਨ ਨਾ ਦੇ ਕੇ ਸਰਕਾਰ ਪੂੰਜੀਪਤੀਆਂ ਦੇ ਪੱਖ ਵਿੱਚ ਲੋਕ ਸਰੋਕਾਰਾਂ ਨੂੰ ਮਿੱਟੀ ਵਿੱਚ ਰੋਲ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਬਿਨਾਂ ਪੰਚਾਇਤ ਅਤੇ ਗਰਾਮ ਸਭਾ ਦੀ ਸਹਿਮਤੀ ਦੇ ਅਤੇ ਡਾਰਕ ਜ਼ੋਨ ਵਿੱਚ ਲਗਾਈਆਂ ਜਾ ਰਹੀਆਂ ਫੈਕਟਰੀਆਂ ਲੋਕਾਂ ਦੀ ਮੌਤ ਦਾ ਸਾਮਾਨ ਹਨ।
ਬਾਇਓਗੈਸ ਫੈਕਟਰੀ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਅਖਾੜਾ ਵਾਸੀ।
ਉਨ੍ਹਾਂ ਕਿਹਾ ਕਿ ਅਖਾੜਾ ਪਿੰਡ ਦੇ ਲੋਕਾਂ ਨੇ ਪਹਿਲਾਂ ਵੀ ਪੁਲੀਸ ਜਬਰ ਦਾ ਡਟ ਕੇ ਟਾਕਰਾ ਕੀਤਾ ਹੈ ਅਤੇ ਹੁਣ ਵੀ ਅਜਿਹੀ ਕਿਸੇ ਸਾਜਿਸ਼ ਜਾਂ ਧੱਕੇ ਦਾ ਟਾਕਰਾ ਕੀਤਾ ਜਾਵੇਗਾ। ਇੱਕਤਰਤਾ ਨੇ ਹੱਥ ਖੜ੍ਹੇ ਕਰਕੇ ਅਹਿਦ ਕੀਤਾ ਕਿ ਫੈਕਟਰੀ ਦੇ ਪੱਕੇ ਤੌਰ ’ਤੇ ਬੰਦ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਸਮੇਂ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ, ਗੁਰਤੇਜ ਸਿੰਘ ਅਖਾੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜਲਦ ਇਹ ਫੈਕਟਰੀਆਂ ਬੰਦ ਕਰਨ ਦਾ ਫ਼ੈਸਲਾ ਲੈਣਾ ਚਾਹੀਦਾ ਹੈ ਨਹੀਂ ਤਾਂ ਸਿਆਸੀ ਕੀਮਤ ਚੁਕਾਉਣੀ ਹੋਵੇਗੀ। ਰੈਲੀ ਵਿੱਚ ਜਗਦੇਵ ਸਿੰਘ, ਬਹਾਦਰ ਸਿੰਘ, ਹਰਦੇਵ ਸਿੰਘ, ਸੁਖਦੀਪ ਕੌਰ, ਬਲਜੀਤ ਕੌਰ, ਸੁਖਜੀਤ ਕੌਰ, ਪਰਮਜੀਤ ਕੌਰ ਹਾਜ਼ਰ ਸਨ।
Advertisement
Advertisement