ਵਿਜੀਲੈਂਸ ਬਿਊਰੋ ਦੀ ਵਾਕਥੌਨ ਨਾਲ ਜਾਗਰੂਕਤਾ ਹਫ਼ਤਾ ਸਮਾਪਤ
ਵਿਜੀਲੈਂਸ ਬਿਊਰੋ, ਲੁਧਿਆਣਾ ਨੇ ਸਿਟੀਨੀਡਜ਼, ਸਮਾਲ ਆਈਡੀਆਜ਼, ਗ੍ਰੇਟ ਆਈਡੀਆਜ਼, ਫਿਲੈਂਥਰੋਪੀ ਕਲੱਬ ਅਤੇ ਮਾਰਸ਼ਲ ਏਡ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਈ ਵਾਕਥੌਨ ਨਾਲ ਵਿਜੀਲੈਂਸ ਜਾਗਰੂਕਤਾ ਹਫ਼ਤਾ ਸਫਲਤਾਪੂਰਵਕ ਸਮਾਪਤ ਕੀਤਾ। ਇਹ ਹਫਤਾ 27 ਅਕਤੂਬਰ ਤੋਂ ਸ਼ੁਰੂ ਹੋਇਆ ਸੀ। ਇਸ ਵਾਕਥੌਨ ਮੌਕੇ ਐੱਸ ਐੱਸ ਪੀ ਵਿਜੀਲੈਂਸ ਲੁਧਿਆਣਾ ਰੁਪਿੰਦਰ ਕੌਰ ਸਰਾਂ ਨੇ ਪ੍ਰਧਾਨਗੀ ਕਰਦਿਆਂ ਭ੍ਰਿਸ਼ਟਾਚਾਰ ਵਿਰੁੱਧ ਲੜਨ ਵਿੱਚ ਲੋਕਾਂ ਅਤੇ ਸੰਸਥਾਵਾਂ ਦੀ ਸਾਂਝੀ ਜ਼ਿੰਮੇਵਾਰੀ ’ਤੇ ਜ਼ੋਰ ਦਿੱਤਾ। ਇਸ ਵਾਕਥੌਨ ਦਾ ਉਦੇਸ਼ ਪਾਰਦਰਸ਼ਤਾ, ਇਮਾਨਦਾਰੀ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਪ੍ਰਤੀ ਜਨਤਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ। ਇਸ ਵਾਕਥੌਨ ਵਿੱਚ ਕਈ ਗੈਰ-ਸਰਕਾਰੀ ਸੰਗਠਨਾਂ, ਨੌਜਵਾਨਾਂ ਦੇ ਗਰੁੱਪਾਂ ਅਤੇ ਸਮਾਜਿਕ ਸੰਗਠਨਾਂ ਨੇ ਹਿੱਸਾ ਲਿਆ। ਇਸ ਦੌਰਾਨ ਉਹ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਮਾਰਚ ਕਰਕੇ ਕੇ ਸਮਾਪਤੀ ਸਮਾਰੋਹ ਲਈ ਰੋਜ਼ ਗਾਰਡਨ ਵਿੱਚ ਇਕੱਠੇ ਹੋਏ। ਇਸ ਮੌਕੇ ਐੱਸ ਐੱਸ ਪੀ ਵਿਜੀਲੈਂਸ ਰੁਪਿੰਦਰ ਸਰਾਂ ਨੇ ਕਿਹਾ ਕਿ ਚੌਕਸੀ ਸਿਰਫ਼ ਸਜ਼ਾ ਦੇਣ ਬਾਰੇ ਨਹੀਂ ਹੈ, ਸਗੋਂ ਰੋਕਥਾਮ ਬਾਰੇ ਵੀ ਹੈ। ਹਰੇਕ ਨਾਗਰਿਕ ਨੂੰ ਭ੍ਰਿਸ਼ਟ ਗਤੀਵਿਧੀਆਂ ਵਿਰੁੱਧ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਡਰ ਦੇ ਉਨ੍ਹਾਂ ਦੀ ਰਿਪੋਰਟ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਵੱਲੋਂ ਸਾਲ 2022 ਵਿੱਚ 24 ਘੰਟੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 9501-200-200 ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਆਓ ਅਸੀਂ ਸਾਰੇ ਭ੍ਰਿਸ਼ਟਾਚਾਰ ਵਿਰੁੱਧ ਲੜੀਏ ਅਤੇ ਜਨਤਕ ਜੀਵਨ ਵਿੱਚੋਂ ਇਸ ਨੂੰ ਖਤਮ ਕਰੀਏ। ਦੱਸਣਯੋਗ ਹੈ ਕਿ ਵਿਜੀਲੈਂਸ ਜਾਗਰੂਕਤਾ ਹਫਤਾ ਹਰ ਸਾਲ ਅਕਤੂਬਰ ਦੇ ਆਖਰੀ ਹਫਤੇ ਭਾਰਤ ਰਤਨ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਵਸ ਨੂੰ ਮਨਾਉਣ ਲਈ ਮਨਾਇਆ ਜਾਂਦਾ ਹੈ।
