ਵੈਟਰਨਰੀ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ ਅੱਜ ਤੋਂ
ਇਥੋਂ ਦੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦਾ ਦੋ ਰੋਜ਼ਾ ਪਸ਼ੂ ਪਾਲਣ ਮੇਲਾ 26 ਅਤੇ 27 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ’ਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਇਸ ਮੇਲੇ ਵਿੱਚ ਹਰ ਉਮਰ ਵਰਗ ਦੇ ਲੋਕਾਂ/ਪਸ਼ੂ ਪਾਲਕਾਂ ਲਈ ਕੁੱਝ ਨਾਲ ਕੁੱਝ ਦੇਖਣ, ਖਾਣ-ਪੀਣ ਅਤੇ ਜਾਣਕਾਰੀ ਲੈਣ ਲਈ ਉਪਲੱਬਧ ਹੋਵੇਗਾ। ਇਸ ਮੇਲੇ ਦਾ ਨਾਅਰਾ ‘ਕਟੜੂ-ਵਛੜੂ ਦਾ ਸੁਚੱਜਾ ਪ੍ਰਬੰਧ, ਬਣਾਏ ਡੇਅਰੀ ਕਿੱਤੇ ਨੂੰ ਲਾਹੇਵੰਦ’ ਰੱਖਿਆ ਗਿਆ ਹੈ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਕੁੱਤਾ, ਬਿੱਲੀ ਆਦਿ ਰੱਖਣ ਵਾਲੇ ਮਾਲਕਾਂ ਨੂੰ ਮਾਹਿਰਾਂ ਵੱਲੋਂ ਜਾਨਵਰਾਂ ਨੂੰ ਬਿਹਤਰ ਢੰਗ ਨਾਲ ਪਾਲਣ, ਖੁਰਾਕ ਦੇਣ ਤੇ ਟੀਕਾਕਰਨ ਲਈ ਜਾਣਕਾਰੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਪਸ਼ੂ ਪਾਲਕ ਆਪਣੇ ਪਸ਼ੂਆਂ ਦਾ ਖੂਨ, ਗੋਹਾ, ਪਿਸ਼ਾਬ ਅਤੇ ਦੁੱਧ ਜਾਂਚ ਵਾਸਤੇ ਲਿਆ ਸਕਦੇ ਹਨ ਇਸ ਦੀ ਕੋਈ ਫੀਸ ਨਹੀਂ ਹੋਵੇਗੀ। ਮੱਛੀ ਪਾਲਣ ਦਾ ਕਿੱਤਾ ਕਰਨ ਵਾਲਿਆਂ ਨੂੰ ਹਰ ਤਰ੍ਹਾਂ ਦਾ ਗਿਆਨ ਫ਼ਿਸ਼ਰੀਜ਼ ਕਾਲਜ ਦੇ ਮਾਹਿਰਾਂ ਵੱਲੋਂ ਦਿੱਤਾ ਜਾਏਗਾ। ਇਸ ਮੇਲੇ ਵਿੱਚ ’ਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਆਪਣੇ ਸਟਾਲ ਲਾਏ ਜਾਣਗੇ। ਸੁਆਦ ਦੇ ਸ਼ੌਕੀਨ ਸ਼ਾਕਾਹਾਰੀ ਤੇ ਮਾਸਾਹਾਰੀ ਦੋਵਾਂ ਕਿਸਮ ਦੇ ਲੋਕਾਂ ਵਾਸਤੇ ਕਈ ਤਰਾਂ ਦੇ ਭੋਜਨ ਪਦਾਰਥ ਮੇਲੇ ’ਚ ਖਿੱਚ ਦਾ ਕੇਂਦਰ ਹੋਣਗੇ। ਇਨ੍ਹਾਂ ’ਚ ਮਿੱਠਾ ਦੁੱਧ, ਲੱਸੀ, ਮਿੱਠਾ ਦਹੀ, ਮੀਟ ਪੈਟੀਆਂ, ਮੀਟ ਕੋਫਤੇ, ਮੀਟ ਦੇ ਆਚਾਰ ਅਤੇ ਘੱਟ ਚਿਕਨਾਈ ਵਾਲਾ ਪਨੀਰ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਮਿਲਾਵਟੀ ਦੁੱਧ ਦੀ ਪਛਾਣ ਤੇ ਜਾਂਚ ਵਾਸਤੇ ਵੀ ਮੇਲੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ। ਯੂਨੀਵਰਸਿਟੀ ਵੱਲੋਂ ਪਸ਼ੂਆਂ ਸਬੰਧੀ ਹਰ ਕਿਸਮ ਦੀ ਸਮੱਸਿਆ, ਪਸ਼ੂ ਬਿਮਾਰੀਆਂ ਅਤੇ ਨਵੇਂ ਰੁਜ਼ਗਾਰ ਸਥਾਪਿਤ ਕਰਨ ਲਈ ਸਿਖਲਾਈ ਲੈਣ ਸਬੰਧੀ ਸਾਹਿਤ ਵੀ ਮੇਲੇ ਦਾ ਸ਼ਿੰਗਾਰ ਹੋਵੇਗਾ। ਮਹੀਨਾਵਾਰ ਰਸਾਲੇ ‘ਵਿਗਿਆਨਕ ਪਸ਼ੂ ਪਾਲਣ’ ਨੂੰ ਘਰ ਬੈਠੇ ਪ੍ਰਾਪਤ ਕਰਨ ਲਈ ਪਸ਼ੂ ਪਾਲਕ ਆਪਣੇ ਨਾਂ ਵੀ ਦਰਜ ਕਰਵਾ ਸਕਣਗੇ।