ਵੈਟਰਨਰੀ ’ਵਰਸਿਟੀ ਵੱਲੋਂ ਪਸ਼ੂ ਪਾਲਣ ਮੇਲਾ 26 ਅਤੇ 27 ਨੂੰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ 26 ਅਤੇ 27 ਸਤੰਬਰ ਨੂੰ ਦੋ ਦਿਨਾ ਪਸ਼ੂ ਪਾਲਣ ਮੇਲਾ ਕਰਵਾਏਗੀ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਮੇਲੇ ਵਿੱਚ ਯੂਨੀਵਰਸਿਟੀ ਵੱਲੋਂ ਵੈਟਰਨਰੀ ਅਤੇ ਪਸ਼ੂ ਵਿਗਿਆਨ, ਡੇਅਰੀ, ਪੋਲਟਰੀ, ਫ਼ਿਸ਼ਰੀਜ਼ ਸਬੰਧੀ ਤਕਨੀਕਾਂ ਦਾ ਪ੍ਰਦਰਸ਼ਨ ਹੋਵੇਗਾ ਅਤੇ ਕਿਸਾਨ-ਵਿਗਿਆਨੀ ਤਕਨੀਕੀ ਲੈਕਚਰਾਂ ਦੇ ਮੰਚ ’ਤੇ ਇਕੱਠੇ ਹੋਣਗੇ। ਯੂਨੀਵਰਸਿਟੀ ਦੇ ਵਧੀਆ ਨਸਲ ਦੇ ਪਸ਼ੂ, ਮੱਝਾਂ, ਬੱਕਰੀਆਂ, ਮੱਛੀਆਂ ਅਤੇ ਮੁਰਗੀਆਂ ਦੀ ਪ੍ਰਦਰਸ਼ਨੀ ਲਾਈ ਜਾਵੇਗੀ। ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਸੰਪੂਰਨ ਸਾਹਿਤ ਅਤੇ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ ਵੀ ਉਪਲਬਧ ਹੋਵੇਗਾ।
ਮੇਲੇ ਵਿੱਚ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਨਸਲ ਨੂੰ ਬਿਹਤਰ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਦੁੱਧ ਅਤੇ ਦੁੱਧ ਉਤਪਾਦਾਂ ਦੀਆਂ ਵਸਤਾਂ ਸਬੰਧੀ ਮਸ਼ੀਨਰੀ, ਦਵਾਈਆਂ, ਟੀਕਿਆਂ, ਪਸ਼ੂ ਫੀਡ ਨਾਲ ਸਬੰਧਤ ਕੰਪਨੀਆਂ ਅਤੇ ਵਿੱਤੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੇਲੇ ’ਚ ਮੌਜੂਦ ਹੋਣਗੇ। ਮੇਲੇ ਵਿੱਚ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਜਾਂਦੇ ਧਾਤਾਂ ਦੇ ਚੂਰੇ, ਪਸ਼ੂ ਚਾਟ, ਬਾਈਪਾਸ ਫੈਟ ਤੇ ਪਰਾਲੀ ਨੂੰ ਯੂਰੀਏ ਨਾਲ ਸੋਧਣ ਸਬੰਧੀ ਦੱਸਿਆ ਜਾਏਗਾ।
ਕਿਸਾਨ ਜਥੇਬੰਦੀਆਂ ਵੀ ਲਾਉਣਗੀਆਂ ਸਟਾਲ
ਵੀਸੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਜਿੱਥੇ ਮੇਲੇ ਵਿੱਚ ਪਸ਼ੂ ਪਾਲਣ ਅਤੇ ਕਿਸਾਨੀ ਨਾਲ ਸਬੰਧਤ ਵੱਖੋ-ਵੱਖਰੇ ਵਿਭਾਗ ਹਿੱਸਾ ਲੈਣਗੇ, ਉੱਥੇ 100 ਤੋਂ ਵਧੇਰੇ ਕੰਪਨੀਆਂ ਆਪਣੀਆਂ ਦਵਾਈਆਂ, ਉਪਕਰਨ, ਮਸ਼ੀਨਰੀ ਅਤੇ ਪਸ਼ੂਆਂ ਨਾਲ ਸਬੰਧਤ ਸਹੂਲਤਾਂ ਬਾਰੇ ਸਟਾਲ ਲਗਾਉਣਗੇ। ਯੂਨੀਵਰਸਿਟੀ ਦੀ ਅਗਵਾਈ ਅਧੀਨ ਕੰਮ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੀ ਆਪਣੇ ਸਟਾਲ ਲਗਾਉਣਗੀਆਂ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਮੇਲਾ ਡੇਅਰੀ ਪਸ਼ੂਆਂ ਦੀ ਅਗਲੀ ਨਸਲ ਭਾਵ ਕਟੜੂਆਂ-ਵਛੜੂਆਂ ਨੂੰ ਬਿਹਤਰ ਸੰਭਾਲ ਦੇਣ ਸਬੰਧੀ ਜਾਗਰੂਕਤਾ ਦੇਵੇਗਾ, ਇਸੇ ਲਈ ਇਸ ਵਾਰ ਦੇ ਮੇਲੇ ਦਾ ਨਾਅਰਾ ‘ਕਟੜੂ-ਵਛੜੂ ਦਾ ਸੁਚੱਜਾ ਪ੍ਰਬੰਧ, ਬਣਾਏ ਡੇਅਰੀ ਕਿੱਤੇ ਨੂੰ ਲਾਹੇਵੰਦ’ ਰੱਖਿਆ ਹੈ।