ਵੈਟਰਨਰੀ ਯੂਨੀਵਰਸਿਟੀ ਵੱਲੋਂ ਬੂਟੇ ਲਾ ਕੇ ਹਰਿਆਵਲ ਮੁਹਿੰਮ ਸ਼ੁਰੂ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਨੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਵਿਸ਼ਾ ‘ਆਓ ਹਰਿਆਵਲ ਭਵਿੱਖ ਵੱਲ ਵਧੀਏ’ ਰੱਖਿਆ ਗਿਆ ਸੀ। ਇਸ ਮੁਹਿੰਮ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ’ਚ ਭਾਗੀਦਾਰੀ ਕੀਤੀ।
ਇਸ ਮੁਹਿੰਮ ਦਾ ਰਸਮੀ ਉਦਘਾਟਨ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਬੂਟਾ ਲਗਾ ਕੇ ਕੀਤਾ। ਡਾ. ਗਿੱਲ ਨੇ ਵਾਤਾਵਰਣ ਸੰਬੰਧੀ ਜਾਗਰੂਕਤਾ ਪੈਦਾ ਕਰਨ ਵਿੱਚ ਅਕਾਦਮਿਕ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਉਣ ਆਪਣਾ ਅਤੇ ਆਉਣ ਵਾਲੀ ਪੀੜ੍ਹੀ ਦਾ ਚੰਗਾ ਭਵਿੱਖ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਰਲ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹੰਭਲਾ ਮਾਰਨਾ ਪਵੇਗਾ।
ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ਼ ਅਫ਼ਸਰ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਕਿਹਾ ਕਿ ਇਸ ਮੁੁਹਿੰਮ ਦੇ ਤਹਿਤ ਯੂਨੀਵਰਸਿਟੀ ਕੈਂਪਸ ਦੇ ਵੱਖ-ਵੱਖ ਹਿੱਸਿਆਂ ਵਿੱਚ ਬੂਟੇ ਲਗਾਏ ਜਾਣਗੇ। ਜ਼ਿਲ੍ਹਾ ਜੰਗਲਾਤ ਵਿਭਾਗ ਵੱਲੋਂ ਮੁਹੱਈਆ ਕੀਤੇ ਗਏ 500 ਬੂਟੇ ਸ਼ੁਰੂਆਤੀ ਪੜਾਅ ਦੌਰਾਨ ਲਾਗਏ ਜਾਣਗੇ ਅਤੇ ਅਗਲੇ ਪੜਾਵਾਂ ਵਿੱਚ 1000 ਤੋਂ ਵੱਧ ਬੂਟੇ ਲਗਾਏ ਜਾਣਗੇ। ਉਨ੍ਹਾਂ ਨੇ ਜੰਗਲਾਤ ਵਿਭਾਗ ਦੇ ਡਿਵੀਜ਼ਨਲ ਫਾਰੇਸਟ ਅਫ਼ਸਰ ਰਾਜੇਸ਼ ਗੁਲਾਟੀ ਅਤੇ ਉਨ੍ਹਾਂ ਦੀ ਟੀਮ ਦਾ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਯੋਗਦਾਨ ਦੇਣ ਲਈ ਧੰਨਵਾਦ ਕੀਤਾ। ਡਾ. ਘੁੰਮਣ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਦਾ ਲੈਂਡਸਕੇਪ ਯੂਨਿਟ ਬਹੁਤ ਸੁਚੱਜੇ ਤਰੀਕੇ ਨਾਲ ਬੂਟਿਆਂ ਦੀ ਦੇਖਭਾਲ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਕਾਰਜ ਵੀ ਕਰ ਰਿਹਾ ਹੈ। ਡਾ. ਘੁੰਮਣ ਨੇ ਸਹਾਇਕ ਮਿਲਖ਼ ਅਧਿਕਾਰੀ ਜਸਕਰਨ ਸਿੰਘ, ਇੰਚਾਰਜ ਲੈਂਡਸਕੇਪਿੰਗ ਯੂਨਿਟ ਡਾ. ਹਰਕੀਰਤ ਸਿੰਘ ਅਤੇ ਇਸ ਯੂਨਿਟ ਦੇ ਕਰਮਚਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਸ ਸਮਾਗਮ ਦੀ ਸੁਚੱਜੀ ਯੋਜਨਾਬੰਦੀ ਅਤੇ ਅਮਲ ਨੂੰ ਨੇਪਰੇ ਚਾੜ੍ਹਿਆ।