ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੈਟਰਨਰੀ ’ਵਰਸਿਟੀ ਵੱਲੋਂ ਦੁਧਾਰੂ ਪਸ਼ੂਆਂ ਦੀ ਬਿਹਤਰ ਖੁਰਾਕ ਲਈ ਸਮਝੌਤਾ

ਦੁੱਧ ਵਿੱਚ ਚਿਕਨਾਈ ਵਧਾਉਣ ਦੇ ਕੀਤੇ ਜਾਣਗੇ ਯਤਨ
ਸਮਝੌਤੇ ਮੌਕੇ ਹਾਜ਼ਰ ਯੂਨੀਵਰਸਿਟੀ ਅਤੇ ਕੰਪਨੀ ਦੇ ਅਧਿਕਾਰੀ।
Advertisement

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਨੋਵਸ ਐਨੀਮਲ ਨਿਊਟਰੀਸ਼ਨ ਨਾਲ ਇਕ ਸਾਂਝਾ ਪ੍ਰਾਜੈਕਟ ਚਲਾਉਣ ਹਿਤ ਸਹਿਮਤੀ ਪੱਤਰ ’ਤੇ ਦਸਤਖ਼ਤ ਕੀਤੇ ਗਏ ਹਨ। ਇਸ ਸਮਝੌਤੇ ਤਹਿਤ ਡੇਅਰੀ ਪਸ਼ੂਆਂ ਦੀ ਖੁਰਾਕ ਦੇ ਪੂਰਕ ਵਿੱਚ ਪੌਸ਼ਟਿਕਤਾ ਵਧਾ ਕੇ ਵਧੇਰੇ ਦੁੱਧ, ਫੈਟ (ਚਿਕਨਾਈ) ਅਤੇ ਪ੍ਰੋਟੀਨ ਦਾ ਵਾਧਾ ਕੀਤਾ ਜਾਵੇਗਾ। ਇਸ ਸਮਝੌਤੇ ’ਤੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਦੀ ਮੌਜੂਦਗੀ ਵਿੱਚ ਨਿਰਦੇਸ਼ਕ ਖੋਜ ਡਾ. ਪਰਕਾਸ਼ ਸਿੰਘ ਬਰਾੜ ਅਤੇ ਖਨੋਵਸ ਐਨੀਮਲ ਨਿਊਟਰੀਸ਼ਨ ਦੇ ਖੇਤਰੀ ਨਿਰਦੇਸ਼ਕ ਡਾ. ਮਨੀਸ਼ ਕੁਮਾਰ ਸਿੰਘ ਨੇ ਦਸਤਖ਼ਤ ਕੀਤੇ।

ਡਾ. ਗਿੱਲ ਨੇ ਦੋਨਾਂ ਸਹਿਯੋਗੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੌਸ਼ਟਿਕ ਖੁਰਾਕ ਡੇਅਰੀ ਪਸ਼ੂਆਂ ਦੇ ਉਤਪਾਦਨ ਵਾਧੇ ਲਈ ਬਹੁਤ ਲੋੜੀਂਦੀ ਹੈ ਅਤੇ ਸਿੱਖਿਆ ਸੰਸਥਾਵਾਂ ਅਤੇ ਉਦਯੋਗਿਕ ਇਕਾਈਆਂ ਦੇ ਸਹਿਯੋਗ ਨਾਲ ਇਸ ਵਿੱਚ ਕਈ ਨਵੀਆਂ ਖੋਜਾਂ ਕੀਤੀਆਂ ਜਾ ਸਕਦੀਆਂ ਹਨ। ਇਸ ਪ੍ਰਾਜੈਕਟ ਦੇ ਮੁੱਖ ਨਿਰੀਖਕ ਡਾ. ਜੈਸਮੀਨ ਕੌਰ ਨੇ ਜਾਣਕਾਰੀ ਦਿੱਤੀ ਕਿ ਇਸ ਵਿਸ਼ੇ ਤਹਿਤ ਪਸ਼ੂ ਖੁਰਾਕ ਦੇ ਉਸ ਪੂਰਕ ਤੱਤ ਸੰਬੰਧੀ ਖੋਜ ਕੀਤੀ ਜਾਵੇਗੀ ਜਿਸ ਨਾਲ ਪਸ਼ੂ ਦੇ ਦੁੱਧ ਦੀ ਚਿਕਨਾਈ, ਉਤਪਾਦਨ ਅਤੇ ਪ੍ਰੋਟੀਨ ਵਧਾਈ ਜਾ ਸਕੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਪਸ਼ੂ ਦੇ ਦੁੱਧ ਦੀ ਫੈਟ ਘੱਟ ਜਾਂਦੀ ਹੈ ਤਾਂ ਉਸ ਦਾ ਮੁੱਲ ਵੀ ਘੱਟ ਜਾਂਦਾ ਹੈ। ਇਸ ਲਈ ਫੈਟ ਨੂੰ ਸਥਿਰ ਰੱਖ ਕੇ ਜਾਂ ਵਧਾ ਕੇ ਮੁਨਾਫ਼ੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ।

Advertisement

ਇਸ ਸਮਝੌਤੇ ਤਹਿਤ ਨੋਵਸ ਐਨੀਮਲ ਨਿਊਟਰੀਸ਼ਨ ਵੱਲੋਂ 18.29 ਲੱਖ ਦੀ ਵਿਤੀ ਰਾਸ਼ੀ ਅਤੇ ਜਾਂਚ ਸਮੱਗਰੀ ਪ੍ਰਦਾਨ ਕੀਤੀ ਜਾਏਗੀ ਅਤੇ ਯੂਨੀਵਰਸਿਟੀ ਦਾ ਪਸ਼ੂ ਆਹਾਰ ਵਿਭਾਗ ਇਸ ’ਤੇ ਖੋਜ ਕਰੇਗਾ। ਇਸ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਹੁੰਦਲ ਨੇ ਕਿਹਾ ਕਿ ਸਾਡੇ ਵਿਭਾਗ ਵਿੱਚ ਅਜਿਹੀ ਖੋਜ ਕਰਨ ਲਈ ਪੂਰਨ ਸਮਰੱਥਾ ਅਤੇ ਸਹੂਲਤਾਂ ਮੌਜੂਦ ਹਨ।

Advertisement
Show comments