ਵੈਟਰਨਰੀ ’ਵਰਸਿਟੀ: ਧਰਨਾਕਾਰੀਆਂ ਵੱਲੋਂ 13 ਤੋਂ ਓ.ਪੀ.ਡੀ. ਸੇਵਾਵਾਂ ਬੰਦ ਕਰਨ ਦਾ ਐਲਾਨ
ਲੁਧਿਆਣਾ ਵੈਟਰਨਰੀ ਯੂਨੀਵਰਸਿਟੀ ਦੀ ਵੈਟਰਨਰੀ ਸਟੂਡੈਂਟਸ ਯੂਨੀਅਨ ਦੀ ਅਣਮਿੱਥੇ ਸਮੇਂ ਦੀ ਹੜਤਾਲ ਸ਼ਨਿੱਚਰਵਾਰ ਨੂੰ 17ਵੇਂ ਦਿਨ ਵੀ ਜਾਰੀ ਰਹੀ। ਇੰਟਰਨ ਵਿਦਿਆਰਥੀ ਯੂਨੀਵਰਸਿਟੀ ਦੇ ਵੈਟਰਨਰੀ ਹਸਪਤਾਲ ਵਿਖੇ ਸ਼ਾਂਤੀਪੂਰਨ ਢੰਗ ਨਾਲ ਆਪਣਾ ਰੋਸ ਜਾਰੀ ਰੱਖ ਰਹੇ ਹਨ। ਵਿਦਿਆਰਥੀਆਂ ਨੇ ਸੋਮਵਾਰ ਤੋਂ ਓਪੀਡੀ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਹੈ।
ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਪਿਛਲੇ ਹਫ਼ਤੇ ਵਿੱਤ ਪ੍ਰਿੰਸੀਪਲ ਸਕੱਤਰ ਨਾਲ ਹੋਈ ਮੀਟਿੰਗ ਦੇ ਬਾਵਜੂਦ ਵੀ ਕੋਈ ਠੋਸ ਹੱਲ ਨਹੀਂ ਨਿਕਲਿਆ। ਇਸ ਦੇ ਜਵਾਬ ਵਜੋਂ, ਸ਼ਨਿੱਚਰਵਾਰ ਨੂੰ ਉਪ ਕੁਲਪਤੀ ਦੇ ਦਫ਼ਤਰ ਵਿੱਚ ਓ.ਪੀ.ਡੀ. ਸੇਵਾਵਾਂ ਬੰਦ ਕਰਨ ਸਬੰਧੀ ਅਗਾਊਂ ਸੂਚਨਾ ਦੇ ਨਾਲ ਇਕ ਅਧਿਕਾਰਕ ਪੱਤਰ ਜਮ੍ਹਾਂ ਕਰਵਾਇਆ ਗਿਆ ਹੈ। ਇੰਨਾਂ ਵਿਦਿਆਰਥੀਆਂ ਵੱਲੋਂ ਭੱਤਾ 15000 ਰੁਪਏ ਤੋਂ ਵਧਾ ਕੇ 24310 ਕਰਨ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਐਮ.ਵੀ.ਐਸਸੀ. (ਪੋਸਟਗ੍ਰੈਜੂਏਟ) ਸਕਾਲਰਾਂ ਨਾਲ ਸੰਬੰਧਿਤ ਮੁਸ਼ਕਲਾਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਰਜਰੀ, ਮੈਡੀਸਨ, ਗਾਇਨਾਕਾਲੋਜੀ ਅਤੇ ਗੈਰ-ਕਲੀਨੀਕਲ ਵਿਭਾਗਾਂ ਵਿੱਚ ਕੰਮ ਕਰਦੇ ਇੰਨਾਂ ਸਕਾਲਰਾਂ ਨੂੰ ਕੋਈ ਭੱਤਾ ਨਹੀਂ ਦਿੱਤਾ ਜਾਂਦਾ। ਯੂਨੀਅਨ ਨੇ ਇਸ ਨੂੰ ਉਹਨਾਂ ਦੀ ਮਿਹਨਤ ਅਤੇ ਵੈਟਰਨਰੀ ਪੇਸ਼ੇ ਦੀ ਇੱਜ਼ਤ ਨਾਲ ਹੋ ਰਹੀ ਵੱਡੀ ਨਾ ਇਨਸਾਫ਼ੀ ਕਰਾਰ ਦਿੱਤਾ ਹੈ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਉਨਾਂ ਦੀ ਮੰਗ ਨਹੀਂ ਮੰਨੀਂ ਜਾਂਦੀ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।