ਵੈਟਰਨਰੀ ’ਵਰਸਿਟੀ ਵੱਲੋਂ ਚਾਰ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਚਾਰ ਅਗਾਂਹਵਧੂ ਕਿਸਾਨਾਂ ਨੂੰ ਅੱਜ ਪਸ਼ੂ ਪਾਲਣ ਮੇਲੇ ਵਿਚ ਮੁੱਖ ਮੰਤਰੀ ਪੁਰਸਕਾਰ ਭੇਟ ਕੀਤੇ ਗਏ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਗਾਂਵਾਂ ਪਾਲਣ ਦੀ ਸ਼੍ਰੇਣੀ ਵਿਚ ਜ਼ਿਲ੍ਹਾ ਪਟਿਆਲਾ ਦੇ ਪਿੰਡ ਖੇੜ੍ਹੀ ਜੱਟਾਂ ਦੇ ਸਿਕੰਦਰ ਸਿੰਘ ਸਵੈਚ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕੋਲ 218 ਗਾਂਵਾਂ ਹਨ ਤੇ ਉਨ੍ਹਾਂ ਦੇ ਫਾਰਮ ’ਤੇ ਰੋਜ਼ਾਨਾ 25 ਕਵਿੰਟਲ ਦੁੱਧ ਦਾ ਉਤਪਾਦਨ ਹੁੰਦਾ ਹੈ। ਮੁਰਗੀ ਪਾਲਣ ਸ਼੍ਰੇਣੀ ਵਿਚ ਐਮ ਬੀ ਏ ਵਿਦਿਆ ਪ੍ਰਾਪਤ ਜ਼ਿਲ੍ਹਾ ਪਠਾਨਕੋਟ ਦੇ ਰਾਕੇਸ਼ ਮਨਹਾਸ ਨੂੰ ਇਨਾਮ ਦਿੱਤਾ ਗਿਆ। ਉਨ੍ਹਾਂ ਨੇ 2014 ਵਿਚ ਬਰਾਇਲਰ ਫਾਰਮਿੰਗ ਸ਼ੁਰੂ ਕੀਤੀ ਅਤੇ ਹੁਣ ਉਹ ਸਾਲ ਵਿਚ ਇਕ ਕਰੋੜ ਤੋਂ ਵੱਧ ਬਰਾਲਿੲਰ ਵੇਚਦੇ ਹਨ।
ਗੁਣਵੱਤਾ ਭਰਪੂਰ ਉਤਪਾਦ ਬਣਾਉਣ ਦੀ ਸ਼੍ਰੇਣੀ ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਦੌਲਾ ਸਿੰਘ ਵਾਲਾ ਦੇ ਅੰਮ੍ਰਿਤਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ 2024 ਵਿੱਚ ਦੁੱਧ ਦੇ ਗੁਣਵੱਤਾ ਭਰਪੁਰ ਉਤਪਾਦ ਬਣਾ ਕੇ ਕਿੱਤਾ ਸ਼ੁਰੂ ਕੀਤਾ ਅਤੇ ਸਵੈ ਮੰਡੀਕਾਰੀ ਕਰਕੇ ਆਪਣੇ ਬਰਾਂਡ ’ਤੇ ਉਤਪਾਦ ਵੇਚ ਰਹੇ ਹਨ।
ਦੂਸਰਾ ਇਨਾਮ ਅੰਮ੍ਰਿਤਸਰ ਦੇ ਰਮਨਜੀਤ ਸਿੰਘ ਨੂੰ ਮੀਟ ਪ੍ਰਾਸੈਸਿੰਗ ਦੀ ਸ਼੍ਰੇਣੀ ਵਿੱਚ ਦਿੱਤਾ ਗਿਆ। ਇਨ੍ਹਾਂ ਨੇ 2008 ਵਿੱਚ ਇਹ ਕਿੱਤਾ ਸ਼ੁਰੂ ਕੀਤਾ ਅਤੇ 2015 ਵਿੱਚ ਉਨ੍ਹਾਂ ਨੇ ਆਪਣਾ ਸਾਰਾ ਪਲਾਂਟ ਆਟੋਮੈਟਿਕ (ਸਵੈਚਲਿਤ) ਕਰ ਲਿਆ।